ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਮੁਕੰਮਲ ਠੱਲ੍ਹ ਪਾਉਣ ਲਈ ਸਖਤ ਹੋਇਆ ਜ਼ਿਲ੍ਹਾ ਪ੍ਰਸ਼ਾਸਨ

0
73
ਖਾਣ ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਮੁਕੰਮਲ ਠੱਲ੍ਹ ਪਾਉਣ ਲਈ ਸਖਤ ਹੋਇਆ ਜ਼ਿਲ੍ਹਾ ਪ੍ਰਸ਼ਾਸਨ
ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਫੇਲ੍ਹ ਹੋਣ ’ਤੇ ਵਿਕ੍ਰੇਤਾਵਾਂ ਨੂੰ ਲਗਾਇਆ 5 ਲੱਖ 37 ਹਜ਼ਾਰ ਰੁਪਏ ਜੁਰਮਾਨਾ
ਦਲਜੀਤ ਕੌਰ
ਸੰਗਰੂਰ, 16 ਅਪ੍ਰੈਲ, 2024: ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਲਈ ਸੁਰੱਖਿਅਤ ਅਤੇ ਪੌਸ਼ਟਿਕਤਾ ਭਰਪੂਰ ਭੋਜਨ ਤੇ ਹੋਰ ਖਾਧ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿੱਚ ਭੋਜਨ ਸੁਰੱਖਿਆ ਐਕਟ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਬਜ਼ਾਰਾਂ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ ਨੂੰ ਸਮੇਂ ਸਮੇਂ ’ਤੇ ਚੈਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਨਮੂਨੇ ਭਰਨ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦੀਆਂ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਬਜ਼ਾਰਾਂ ਵਿੱਚ ਡੱਬਾ ਬੰਦ ਜਾਂ ਖੁੱਲ੍ਹੀਆਂ ਵੇਚੀਆਂ ਜਾਣ ਵਾਲੀਆਂ ਕਈ ਵਸਤਾਂ ਦੇ ਮਿਲਾਵਟੀ ਹੋਣ ਦੀ ਸੰਭਾਵਨਾ ਦੇ ਚਲਦਿਆਂ ਬੱਚਿਆਂ ਸਮੇਤ ਸਭ ਉਮਰ ਵਰਗ ਦੇ ਨਾਗਰਿਕਾਂ ਦੀ ਸਿਹਤ ਉਪਰ ਮਾਰੂ ਪ੍ਰਭਾਵ ਪੈਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ’ਤੇ ਦੁਕਾਨਦਾਰਾਂ, ਰੇਹੜੀ ਚਾਲਕਾਂ ਤੇ ਹੋਰ ਵਿਕਰੇਤਾਵਾਂ ਨੂੰ ਤਾੜਨਾ ਕੀਤੀ ਜਾਂਦੀ ਹੈ।
ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਪਿਛਲੇ ਸਾਲ 24 ਮਾਰਚ ਤੋਂ 23 ਸਤੰਬਰ ਤੱਕ ਵੱਖ-ਵੱਖ ਵਿਕ੍ਰੇਤਾਵਾਂ ਦੁਆਰਾ ਵੇਚੀ ਜਾ ਰਹੀ ਖਾਣ-ਪੀਣ ਵਾਲੀ ਸਮੱਗਰੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਏ ਸੈਂਪਲਾਂ ਸਬੰਧੀ ਲੈਬੋਰਟਰੀ ਦੀ ਰਿਪੋਰਟ ਵਿੱਚ ਇਸ ਸਮੱਗਰੀ ਦੇ ਸਬ ਸਟੈਂਡਰਡ ਪਾਏ ਜਾਣ ’ਤੇ ਸਬੰਧਤ ਵਿਕਰੇਤਾਵਾਂ ਨੂੰ 5 ਲੱਖ 37 ਹਜ਼ਾਰ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਬ ਸਟੈਂਡਰਡ ਪਾਈਆਂ ਗਈਆਂ ਇਨ੍ਹਾਂ ਵਸਤਾਂ ਵਿੱਚ ਖੁੱਲ੍ਹੀ ਚਟਨੀ, ਮਿਕਸਡ ਮਿਲਕ, ਪਨੀਰ, ਖੁੱਲ੍ਹਾ ਪਨੀਰ, ਗੋਲ ਗੱਪੇ ਦਾ ਪਾਣੀ, ਵਨੀਲਾ ਆਈਸ ਕਰੀਮ, ਖੋਇਆ, ਮਿਲਕ ਕੇਕ, ਮੱਝ ਦਾ ਦੁੱਧ, ਗੁਲਾਬ ਦਾ ਸ਼ਰਬਤ, ਦੇਸੀ ਘਿਓ ਦੀ ਬਰਫੀ, ਮਿਲਕੀ ਰਸ, ਲਾਲ ਮਿਰਚ ਸੌਸ, ਇਲਾਇਚੀ ਦਾਣਾ ਬਿਸਕੁਟ ਅਤੇ ਹਲਦੀ ਪਾਊਡਰ ਆਦਿ ਦੇ ਸੈਂਪਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁੱਗੀ ਮਿਆਦ ਵਾਲੇ ਇੱਕ ਮਿਲਕ ਸ਼ੇਕ ਦਾ ਸੈਂਪਲ ਫੇਲ੍ਹ ਪਾਇਆ ਗਿਆ ਜਿਸ ਨੂੰ 8 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲੌਂਗੋਵਾਲ, ਬਡਰੁੱਖਾਂ, ਸੰਗਰੂਰ, ਦਿੜ੍ਹਬਾ, ਸ਼ੇਰਪੁਰ, ਨਮੋਲ, ਸੁਨਾਮ, ਚੰਨੋ, ਘਾਬਦਾਂ ਤੇ ਲਹਿਰਾ ’ਚੋਂ 22 ਸਮੱਗਰੀਆਂ ਦੇ ਸੈਂਪਲ ਫੇਲ੍ਹ ਪਾਏ ਜਾਣ ’ਤੇ 3 ਲੱਖ 83 ਹਜ਼ਾਰ ਦੇ ਜ਼ੁਰਮਾਨੇ ਲਗਾਏ ਗਏ ਹਨ ਜਦਕਿ ਵਨੀਲਾ ਆਈਸ ਕਰੀਮ ਦਾ ਸੈਂਪਲ ਫੇਲ੍ਹ ਪਾਏ ਜਾਣ ’ਤੇ ਸੰਗਰੂਰ ਦੇ ਇੱਕ ਵਿਕਰੇਤਾ ਨੂੰ 80 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਲੌਂਗੋਵਾਲ, ਸੁਨਾਮ ਤੇ ਸੰਗਰੂਰ ਦੀਆਂ 4 ਫਰਮਾਂ ਦੇ ਮਿਲਕੀ ਰਸ, ਲਾਲ ਮਿਰਚ ਸੌਸ, ਇਲਾਇਚੀ ਦਾਣਾ ਬਿਸਕੁਟ ਅਤੇ ਹਲਦੀ ਪਾਊਡਰ ਦੇ ਸੈਂਪਲ ਫੇਲ੍ਹ ਪਾਏ ਗਏ ਜਿਸ ਲਈ 66 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ।

LEAVE A REPLY

Please enter your comment!
Please enter your name here