‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਦਾ ਸ਼ਾਨਦਾਰ ਆਗਾਜ਼

0
265

ਮੁੱਖ ਮੰਤਰੀ ਵੱਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਇਸ ਖੇਡ ਮੇਲੇ ਦਾ ਉਦਘਾਟਨ; ਇਸ ਉਪਰਾਲੇ ਨੂੰ ਸੂਬੇ ਵਿੱਚ ਖੇਡਾਂ ਦੀ ਪੁਰਾਣੀ ਸ਼ਾਨ ਬਹਾਲ ਕਰਨ ਵੱਲ ਇੱਕ ਵਿਸ਼ੇਸ਼ ਕਦਮ ਦੱਸਿਆ

ਟੋਕੀਓ ਉਲੰਪਿਕਸ ਦੀ ਤਮਗਾ ਜੇਤੂ ਹਾਕੀ ਟੀਮ ਨੂੰ ਜਲਦੀ ਢੁਕਵੀਂਆਂ ਨੌਕਰੀਆਂ ਦੇਣ ਦਾ ਐਲਾਨ

ਬਠਿੰਡਾ, 29 ਅਗਸਤ:

ਸ਼ਹੀਦ ਭਗਤ ਸਿੰਘ ਸਟੇਡੀਅਮ ‘ਚ ਅੱਜ ਦੇਸ਼ ਦੇ ਸਭ ਤੋਂ ਵੱਡੇ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਇਸ ਵੱਡ-ਆਕਾਰੀ ਖੇਡ ਸਮਾਗਮ ਦਾ ਉਦਘਾਟਨ ਕੀਤਾ।

ਮੁੱਖ ਮੰਤਰੀ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਭਾਗ ਲੈਣ ਵਾਲੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ। ਲਗਭਗ ਦੋ ਮਹੀਨਿਆਂ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਸ ਸ਼ਾਨਦਾਰ ਖੇਡ ਮੇਲੇ ਦਾ ਉਦਘਾਟਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਆਸ ਪ੍ਰਗਟਾਈ ਕਿ ਇਹ ਖੇਡ ਮੇਲਾ ਸੂਬੇ ਦੀ ਖੇਡਾਂ ਦੇ ਖੇਤਰ ਵਿੱਚ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਲਈ ਇੱਕ ਪ੍ਰੇਰਕ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਜਾਣ ਲਈ ਸੂਬਾ ਸਰਕਾਰ ਦਾ ਇਹ ਨਿਮਾਣਾ ਜਿਹਾ ਉਪਰਾਲਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਉੱਘੇ ਖਿਡਾਰੀ ਸਟੇਡੀਅਮ ਵਿੱਚ ਖੇਡਾਂ ਦੀ ਮਸ਼ਾਲ ਲੈ ਕੇ ਆਏ। ਉਨ੍ਹਾਂ ਦੱਸਿਆ ਕਿ ਇਹ ਮਸ਼ਾਲ ਸੂਬੇ ਭਰ ਦੇ 23 ਜ਼ਿਲ੍ਹਿਆਂ ਤੋਂ ਗੁਜ਼ਰੀ, ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਖਿਡਾਰੀਆਂ ਨੇ ਦੌੜ ਵਿੱਚ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਸ਼ਾਲ ਨੂੰ ਸੂਬੇ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਝੋਨੇ ਦੀ ਲੁਆਈ ਤੋਂ ਬਾਅਦ ਇਸ ਦੀ ਕਟਾਈ ਸਖ਼ਤ ਮਿਹਨਤ ਨਾਲ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਇਹ ਖੇਡਾਂ ਨਵੇਂ ਪੌਦੇ ਲਗਾਉਣ ਲਈ ਹਨ ਜੋ ਆਉਣ ਵਾਲੇ ਸਮੇਂ ਵਿੱਚ ਭਰਪੂਰ ਲਾਭ ਦੇਣਗੀਆਂ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਦੇ ਵਿਕਾਸ ਵੱਲ ਕਦੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਪੰਜਾਬ ਇਸ ਖੇਤਰ ਵਿੱਚ ਪਛੜ ਗਿਆ ਹੈ। ਭਗਵੰਤ ਸਿੰਘ ਮਾਨ ਨੇ ਵਿਅੰਗ ਕਸਦਿਆਂ ਕਿਹਾ ਕਿ ਭਾਵੇਂ ਪਿਛਲੇ ਵਿੱਤ ਮੰਤਰੀ ਇਸ ਇਲਾਕੇ ਦੇ ਹੀ ਸਨ ਪਰ ਉਨ੍ਹਾਂ ਦੇ ਖ਼ਾਲੀ ਖ਼ਜ਼ਾਨੇ ਦੀ ਬਿਆਨਬਾਜ਼ੀ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ, ਜਦੋਂਕਿ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਹੁਣ ਇਹੀ ਪੈਸਾ ਵਰਤਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ ਮੈਡਲ ਲਿਆਉਣ ਵਾਲੀ ਭਾਰਤੀ ਹਾਕੀ ਟੀਮ ਨੂੰ ਜਲਦੀ ਹੀ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਰੇ ਅੜਿੱਕੇ ਪਹਿਲਾਂ ਹੀ ਦੂਰ ਕਰ ਦਿੱਤੇ ਗਏ ਹਨ ਅਤੇ ਹੁਣ ਇਨ੍ਹਾਂ ਨੌਂ ਖਿਡਾਰੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਦਿੱਤੀਆਂ ਜਾਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖਿਡਾਰੀ ਦੇਸ਼ ਦਾ ਸਰਮਾਇਆ ਹਨ ਅਤੇ ਇਨ੍ਹਾਂ ਨੂੰ ਦੇਸ਼ ਲਈ ਚੰਗੀ ਤਰ੍ਹਾਂ ਸੰਭਾਲਿਆ ਜਾਵੇਗਾ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਉਹ ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਕਿਉਂਕਿ ਖੇਡਾਂ ਗਲਤ ਹੱਥਾਂ ਵਿੱਚ ਚਲੀਆਂ ਗਈਆਂ ਸਨ, ਇਸ ਨਾਲ ਖੇਡਾਂ ਦੀ ਤਰੱਕੀ ‘ਤੇ ਮਾੜਾ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੁਸ਼ਤੀ ਫੈਡਰੇਸ਼ਨ ਨੂੰ ਲੈ ਕੇ ਮੰਦਭਾਗਾ ਵਿਵਾਦ ਇਸ ਗੱਲ ਦਾ ਸਬੂਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਕਦੇ ਵੀ ਅਜਿਹੇ ਵਿਵਾਦਾਂ ਵਿੱਚ ਨਹੀਂ ਆਵੇਗਾ ਕਿਉਂਕਿ ਖੇਡਾਂ ਰਾਹੀਂ ਰੰਗਲਾ ਪੰਜਾਬ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਸਾਲ ਕਰਵਾਏ ‘ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵੱਡ-ਆਕਾਰੀ ਸਮਾਗਮ ਵਿੱਚ ਵੱਖ-ਵੱਖ ਛੇ ਉਮਰ ਵਰਗਾਂ ਦੇ ਤਿੰਨ ਲੱਖ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਨੇ ਬਲਾਕ ਤੋਂ ਲੈ ਕੇ ਸੂਬਾ ਪੱਧਰ ਤੱਕ 30 ਖੇਡ ਵਰਗਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਸੀ ਅਤੇ ਇਨ੍ਹਾਂ ਨੂੰ ਛੇ ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਗਏ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਅੱਠ ਉਮਰ ਵਰਗਾਂ ਵਿੱਚ 35 ਮੁਕਾਬਲੇ ਕਰਵਾਏ ਜਾਣਗੇ ਅਤੇ ਪਹਿਲੀ ਵਾਰ ਖੇਡਾਂ ਵਿੱਚ ਰਗਬੀ, ਸਾਈਕਲਿੰਗ, ਘੋੜ ਸਵਾਰੀ, ਵੁਸ਼ੂ ਅਤੇ ਸ਼ੂਟਿੰਗ ਵਾਲੀਬਾਲ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 14 ਸਾਲ ਉਮਰ ਵਰਗ, 17 ਸਾਲ ਉਮਰ ਵਰਗ, 21 ਸਾਲ ਉਮਰ ਵਰਗ, 21-30 ਸਾਲ, 31-40 ਸਾਲ, 41-55 ਸਾਲ, 56-65 ਸਾਲ ਅਤੇ 65 ਸਾਲ ਤੋਂ ਵੱਧ ਉਮਰ ਵਰਗ ਵਿੱਚ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖਿਡਾਰੀਆਂ ਨੂੰ 7 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਸੋਨ ਤਗਮਾ ਜੇਤੂ ਲਈ 10,000 ਰੁਪਏ, ਚਾਂਦੀ ਤਗਮਾ ਜੇਤੂ ਲਈ 7000 ਰੁਪਏ ਅਤੇ ਕਾਂਸੀ ਤਗਮਾ ਜੇਤੂ ਖਿਡਾਰੀਆਂ ਨੂੰ 5000 ਰੁਪਏ ਦਿੱਤੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਦਾ ਦੂਜਾ ਸੀਜ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਖੇਡ ਦੇ ਹਿੱਸੇ ਵਜੋਂ ਬਲਾਕ ਪੱਧਰੀ ਖੇਡਾਂ 31 ਅਗਸਤ ਤੋਂ 9 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ 26 ਸਤੰਬਰ ਤੋਂ 5 ਅਕਤੂਬਰ ਤੱਕ ਜ਼ਿਲ੍ਹਾ ਪੱਧਰੀ ਮੁਕਾਬਲੇ ਅਤੇ 10 ਤੋਂ 25 ਅਕਤੂਬਰ ਤੱਕ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਖੇਡਾਂ ਇਸ ਦਿਸ਼ਾ ਵੱਲ ਇੱਕ ਸਹੀ ਕਦਮ ਹੈ ਕਿਉਂਕਿ ਇਹ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਮੰਚ ਪ੍ਰਦਾਨ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਖੇਡਾਂ ਸੂਬਾ ਸਰਕਾਰ ਨੂੰ ਖਿਡਾਰੀਆਂ ਦੀਆਂ ਸਮਰੱਥਾਵਾਂ ਅਤੇ ਊਣਤਾਈਆਂ ਦੀ ਪਛਾਣ ਕਰਨ ਵਿੱਚ ਵੀ ਮਦਦ ਕਰਨਗੀਆਂ ਜੋ ਕਿ ਭਵਿੱਖ ਵਿੱਚ ਹੋਣ ਵਾਲੇ ਕੌਮੀ ਅਤੇ ਕੌਮਾਂਤਰੀ ਮੁਕਾਬਲਿਆਂ ਲਈ ਉਨ੍ਹਾਂ ਨੂੰ ਤਿਆਰ ਕਰਨ ਵਾਸਤੇ ਲਾਹੇਵੰਦ ਸਿੱਧ ਹੋਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਕਿਉਂਕਿ ਇਹ ਖੇਡਾਂ ਸੂਬੇ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

ਸੂਬੇ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੋਂ ਸੂਬਾ ਸਰਕਾਰ ਵੱਲੋਂ 1807 ਖਿਡਾਰੀਆਂ ਨੂੰ 5.94 ਕਰੋੜ ਰੁਪਏ ਦੀ ਰਾਸ਼ੀ ਵੰਡਣ ਦੀ ਮੁਹਿੰਮ ਵਿੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮੀ ਰਾਸ਼ੀ ਪਿਛਲੇ ਪੰਜ ਸਾਲਾਂ ਤੋਂ ਬਕਾਇਆ ਹੈ ਕਿਉਂਕਿ ਪਿਛਲੀਆਂ ਸੂਬਾ ਸਰਕਾਰਾਂ ਨੇ ਖਿਡਾਰੀਆਂ ਨੂੰ ਇਹ ਰਾਸ਼ੀ ਦੇਣ ਵੱਲ ਕੋਈ ਧਿਆਨ ਨਹੀਂ ਦਿੱਤਾ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਨਾਲ ਹੀ ਕੌਮੀ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਵਜੋਂ 7 ਕਰੋੜ ਰੁਪਏ ਵੀ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇੱਕ ਨਵੀਂ ਖੇਡ ਨੀਤੀ ਪੇਸ਼ ਕੀਤੀ ਹੈ ਜਿਸ ਵਿੱਚ ਸਾਰੇ ਨਾਗਰਿਕਾਂ ਨੂੰ ਸਰਗਰਮ ਜੀਵਨ ਸ਼ੈਲੀ ਅਪਣਾਉਣ, ਸਾਰੇ ਬੱਚਿਆਂ ਨੂੰ ਖੇਡਣ/ਦੌੜਨ ਲਈ ਪ੍ਰੇਰਿਤ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡਾਂ ਵਿੱਚ ਪੰਜਾਬ ਦੀ ਸ਼ਾਨ ਬਹਾਲ ਕਰਨ ਦੀ ਕਲਪਨਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਪਿਰਾਮਿਡ ਵਰਗੇ ਖੇਡ ਢਾਂਚੇ ਲਈ ਹਰੇਕ ਪਿੰਡ/ਇਲਾਕੇ ਵਿੱਚ ਖੇਡ ਮੈਦਾਨ, ਹਰ ਘਰ ਤੋਂ 4 ਕਿਲੋਮੀਟਰ ਦੇ ਦਾਇਰੇ ਵਿੱਚ ਪਿੰਡ ਕਲੱਸਟਰ ਪੱਧਰ ‘ਤੇ ਖੇਡ ਨਰਸਰੀਆਂ, ਖਿਡਾਰੀਆਂ ਲਈ ਹੋਸਟਲ ਨਾਲ ਲੈਸ ਜ਼ਿਲ੍ਹਾ ਖੇਡ ਕੰਪਲੈਕਸ ਅਤੇ ਸੂਬਾ ਪੱਧਰ ‘ਤੇ ਸੈਂਟਰ ਆਫ਼ ਐਕਸੀਲੈਂਸ ਬਣਾਏ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨੀਤੀ ਜ਼ਮੀਨੀ ਪੱਧਰ ‘ਤੇ ਨੌਜਵਾਨਾਂ ਵਿਚਲੀ ਪ੍ਰਤਿਭਾ ਦੀ ਪਛਾਣ ਕਰਨ ਅਤੇ ਇਹਨਾਂ ਨੂੰ ਵਿਗਿਆਨਕ ਢੰਗ ਨਾਲ ਸਿਖਲਾਈ ਦੇਣ ਅਤੇ ਪੈਰਾ ਤੇ ਦਿਵਿਆਂਗ ਖਿਡਾਰੀਆਂ ਸਮੇਤ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਉਭਰਦੇ ਖਿਡਾਰੀਆਂ ਨੂੰ ਤਿਆਰ ਕਰਨ ਲਈ ਸਹਾਇਤਾ ਪ੍ਰਦਾਨ ਕਰਨ ‘ਤੇ ਵੀ ਜ਼ੋਰ ਦਿੰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰ ਨੀਤੀ ਵਿੱਚ ਓਲੰਪਿਕ/ਏਸ਼ੀਅਨ/ਰਾਸ਼ਟਰਮੰਡਲ ਖੇਡਾਂ ਦੇ ਨਾਲ-ਨਾਲ ਗਰੇਡੇਸ਼ਨ ਸੂਚੀ ਦੀਆਂ 35 ਖੇਡਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖੇਡਾਂ ਵਿੱਚ ਕੋਚਾਂ ਦੇ ਵੱਡਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ ਬਲਬੀਰ ਸਿੰਘ ਸੀਨੀਅਰ ਐਵਾਰਡ ਸ਼ੁਰੂ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਖੇਡ ਪ੍ਰਮੋਟਰਾਂ ਨੂੰ ਮਿਲਖਾ ਸਿੰਘ ਐਵਾਰਡ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਖੇਡ ਨੀਤੀ ਦੇ ਹਿੱਸੇ ਵਜੋਂ ਸੂਬਾ ਸਰਕਾਰ ਚੀਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਭਾਗ ਲੈਣ ਦੀ ਤਿਆਰੀ ਕਰ ਰਹੇ 50 ਦੇ ਕਰੀਬ ਖਿਡਾਰੀਆਂ ਨੂੰ ਪਹਿਲੀ ਵਾਰ 8 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਰਹੀ ਹੈ। ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹਵਾਈ ਅੱਡਿਆਂ ‘ਤੇ ਰਨਵੇਅ ਹਵਾਈ ਜਹਾਜ਼ ਨੂੰ ਸੁਚਾਰੂ ਢੰਗ ਨਾਲ ਉਡਾਣ ਭਰਨ ਦੀ ਸਹੂਲਤ ਦਿੰਦੇ ਹਨ, ਉਸੇ ਤਰ੍ਹਾਂ ਸੂਬਾ ਸਰਕਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਦੇ ਵਿਚਾਰਾਂ ਨੂੰ ਖੰਭ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਭਗਵੰਤ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਹਰ ਸੰਭਵ ਯਤਨ ਕਰਨ।

ਇਨ੍ਹਾਂ ਖੇਡਾਂ ਦੇ ਪ੍ਰਬੰਧ ਲਈ ਖੇਡ ਮੰਤਰੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰਮੀਤ ਸਿੰਘ ਮੀਤ ਹੇਅਰ ਇਸ ਸਾਰੇ ਪ੍ਰਬੰਧ ਲਈ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਇਹ ਪੂਰੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖੇਡਾਂ ਇਸੇ ਤਰ੍ਹਾਂ ਹਰ ਸਾਲ ਕਰਵਾਈਆਂ ਜਾਣਗੀਆਂ।

ਮੁੱਖ ਮੰਤਰੀ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ ਉਨ੍ਹਾਂ ਬਾਰੇ ਕਿਤਾਬ ਵੀ ਰਿਲੀਜ਼ ਕੀਤੀ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਕੌਮੀ ਖੇਡ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਹਾਕੀ ਦੇ ਇਸ ਮਹਾਨ ਖਿਡਾਰੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਕੀਤੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਉੱਘੇ ਪੰਜਾਬੀ ਗਾਇਕ ਹਰਵੀ, ਕੇ. ਕਰਮਾ, ਦਰਸ਼ਨਜੀਤ, ਯਾਸਿਰ ਹੁਸੈਨ, ਹਰਜੀਤ ਹਰਮਨ ਅਤੇ ਕੁਲਵਿੰਦਰ ਬਿੱਲਾ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਬੱਚਿਆਂ ਨੇ ਆਪਣੀ ਸਕੇਟਿੰਗ ਅਤੇ ਜਿਮਨਾਸਟਿਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਕੀਲ ਦਿੱਤਾ। ਇਸ ਤੋਂ ਪਹਿਲਾਂ ਓਲੰਪੀਅਨ ਬਲਜੀਤ ਢਿੱਲੋਂ ਅਤੇ ਮਨਜੀਤ ਕੌਰ ਮਸ਼ਾਲ ਲੈ ਕੇ ਆਏ ਅਤੇ ਓਲੰਪੀਅਨ ਗੁਰਜੀਤ ਕੌਰ ਨੇ ਸਟੇਜ ‘ਤੇ ਮਸ਼ਾਲ ਜਗਾਈ।

ਇਸ ਮੌਕੇ ਪੰਜਾਬ ਦੇ ਰਵਾਇਤੀ ਨਾਚ ‘ਗਿੱਧਾ’ ਅਤੇ ‘ਭੰਗੜਾ’ ਨਾਲ ਖੇਡਾਂ ਦੇ ਸਮੁੱਚੇ ਦ੍ਰਿਸ਼ ਨੂੰ ਦਰਸਾਉਂਦੀ ਪ੍ਰਭਾਵਸ਼ਾਲੀ ਵੀਡੀਓ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਉਨ੍ਹਾਂ ਦੇ ਪੈਰਾਂ ਨੂੰ ਥਿਰਕਣ ਲਈ ਮਜਬੂਰ ਕਰ ਦਿੱਤਾ। ਇਸੇ ਤਰ੍ਹਾਂ ਸਟੇਡੀਅਮ ਵਿੱਚ ਹੋਏ ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਦਰਸ਼ਕਾਂ ਨੇ ਆਤਿਸ਼ਬਾਜ਼ੀ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖੜ੍ਹੇ ਹੋ ਕੇ ਤਾੜੀਆਂ ਵੀ ਮਾਰੀਆਂ।

ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਚੇਤਨ ਸਿੰਘ ਜੌੜੇਮਾਜਰਾ, ਅਮਨ ਅਰੋੜਾ, ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਡਾ. ਬਲਜੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਬ੍ਰਮ ਸ਼ੰਕਰ ਜਿੰਪਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here