ਖੇਡਾਂ ਵਤਨ ਪੰਜਾਬ ਦੀਆਂ-2023 ਦੇ ਬਲਾਕ ਪੱਧਰੀ ਮੁਕਾਬਲਿਆਂ ਦੀ ਹੋਈ ਸ਼ੁਰੂਆਤ

0
425

ਆਨਲਾਈਨ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਖਿਡਾਰੀਆਂ ਨੂੰ ਵੀ ਮੌਕੇ ਉੱਤੇ ਪੁੱਜਣ ਉੱਤੇ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ: ਮੀਤ ਹੇਅਰ

ਅੱਠ ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਬਲਾਕ ਪੱਧਰੀ ਮੁਕਾਬਲੇ 31 ਅਗਸਤ ਤੋਂ 9 ਸਤੰਬਰ ਤੱਕ ਚੱਲਣਗੇ

ਚੰਡੀਗੜ੍ਹ, 31 ਅਗਸਤ
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਉਦਘਾਟਨੀ ਸਮਾਰੋਹ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ-2023’ (ਸੀਜ਼ਨ-2) ਦੇ ਸ਼ਾਨਦਾਰ ਆਗਾਜ਼ ਤੋਂ ਬਾਅਦ ਅੱਜ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋ ਗਈ। ਅੱਜ ਸੂਬੇ ਭਰ ਦੇ 157 ਬਲਾਕਾਂ ਵਿੱਚ ਅੱਠ ਖੇਡਾਂ ਵਿੱਚ ਮੁਕਾਬਲੇ ਸ਼ੁਰੂ ਹੋ ਗਏ ਅਤੇ ਡੇਢ ਲੱਖ ਤੋਂ ਵੱਧ ਖਿਡਾਰੀ ਹਿੱਸਾ ਲੈ ਰਹੇ ਹਨ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਮੂਹ ਜ਼ਿਲਾ ਖੇਡ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਪਰ ਉਹ ਗਰਾਊਂਡ ਚ ਪੁੱਜਦੇ ਹਨ ਤਾਂ ਉਨ੍ਹਾਂ ਨੂੰ ਵੀ ਹਿੱਸਾ ਦਿਵਾਇਆ ਜਾਵੇ।ਕਈ ਖਿਡਾਰੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹ ਕਿਸੇ ਕਾਰਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਇਸ ਲਈ ਖੇਡ ਮੰਤਰੀ ਵੱਲੋਂ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਵਾਰ ਕੁੱਲ 35 ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਅੱਠ ਖੇਡਾਂ ਦੇ ਮੁਕਾਬਲੇ ਬਲਾਕ ਪੱਧਰ ਤੋਂ ਸ਼ੁਰੂ ਹੋ ਗਏ ਹਨ। ਅਥਲੈਟਿਕਸ, ਫੁਟਬਾਲ, ਵਾਲੀਬਾਲ (ਸਮੈਸ਼ਿੰਗ ਤੇ ਸ਼ੂਟਿੰਗ), ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਖੋ ਖੋ ਅਤੇ ਰੱਸਾਕਸ਼ੀ ਖੇਡਾਂ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਅੱਠ ਉਮਰ ਵਰਗਾਂ ਅੰਡਰ 14, ਅੰਡਰ 17, ਅੰਡਰ 21, 21 ਤੋਂ 30 ਸਾਲ, 31 ਤੋਂ 40 ਸਾਲ, 41 ਤੋਂ 55 ਸਾਲ, 55 ਤੋਂ 65 ਸਾਲ ਅਤੇ 65 ਸਾਲ ਤੋਂ ਵੱਧ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਕਤ ਖੇਡਾਂ ਵਿੱਚ ਬਲਾਕ ਦੇ ਜੇਤੂ ਅਗਾਂਹ ਜ਼ਿਲਾ ਪੱਧਰੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣਗੇ।

ਮੀਤ ਹੇਅਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਮੁਕਾਬਲਿਆਂ ਵਿੱਚ ਉਕਤ ਅੱਠ ਖੇਡਾਂ ਦੇ ਜੇਤੂਆਂ ਤੋਂ ਇਲਾਵਾ ਬਾਕੀ ਹੋਰ ਨਵੀਆਂ ਖੇਡਾਂ ਦੇ ਸਿੱਧੇ ਮੁਕਾਬਲੇ ਹੋਣਗੇ ਅਤੇ ਫੇਰ ਅਕਤੂਬਰ ਮਹੀਨੇ ਰਾਜ ਪੱਧਰੀ ਮੁਕਾਬਲੇ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲੇ ਸੀਜ਼ਨ ਦੀ ਸਫਲਤਾ ਤੋਂ ਬਾਅਦ ਇਸ ਵਾਰ ਖਿਡਾਰੀਆਂ ਵਿੱਚ ਹੋਰ ਵੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰਾਜ ਪੱਧਰੀ ਜੇਤੂਆਂ ਨੂੰ 7 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਖਿਡਾਰੀਆਂ ਦੇ ਮੁਕਾਬਲਿਆਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ।

LEAVE A REPLY

Please enter your comment!
Please enter your name here