ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਬਰੇਟਾ ਅਤੇ ਨਾਲ ਲੱਗਦੇ ਪਿੰਡਾਂ ਦਾ ਦੌਰਾ
-ਮਾਹਿਰਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਕੀਟਨਾਸ਼ਕ ਵਰਤਣ ਦੀ ਦਿੱਤੀ ਸਲਾਹ
ਮਾਨਸਾ, 28 ਨਵੰਬਰ 2024 :
ਡਾ. ਹਰਪ੍ਰੀਤ ਪਾਲ ਕੌਰ ਮੁੱਖ ਖੇਤੀਬਾੜੀ ਅਫਸਰ ਮਾਨਸਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਬੁਢਲਾਡਾ ਦੀ ਟੀਮ ਵੱਲੋਂ ਬਰੇਟਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਕੁਲਰੀਆਂ, ਕਾਹਨਗੜ੍ਹ, ਸੇਖੂਪੁਰ ਖੁਡਾਲ, ਅਕਬਰਪੁਰ ਖੁਡਾਲ ਆਦਿ ਵਿੱਚ ਕਣਕ ਦੀ ਫਸਲ ਵਿੱਚ ਤਣ੍ਹੇ ਦੀ ਗੁਲਾਬੀ ਸੁੰਡੀ ਦੇ ਹਮਲੇ ਵਾਲੇ ਖੇਤਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵੱਲੋਂ ਪਿੰਡ ਕੁਲਰੀਆਂ ਦੇ ਕਿਸਾਨ ਸ੍ਰੀ ਨਾਇਬ ਸਿੰਘ ਦੇ ਖੇਤ ਦਾ ਮੌਕਾ ਵੇਖਿਆ ਗਿਆ। ਇਸ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ।
ਇਸ ਉਪਰੰਤ ਟੀਮ ਵੱਲੋਂ ਸ੍ਰੀ ਸੁਦਾਗਰ ਸਿੰਘ ਪੁੱਤਰ ਸ੍ਰੀ ਬਿੱਕਰ ਸਿੰਘ, ਪਿੰਡ ਕਾਹਨਗੜ੍ਹ ਦੇ ਕਿਸਾਨ ਦਾ ਖੇਤ ਵੇਖਿਆ ਗਿਆ। ਇਸ ਖੇਤ ਵਿੱਚ 25 ਤੋਂ 30 ਪ੍ਰਤੀਸ਼ਤ ਰਕਬੇ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ, ਜਿਸ ’ਤੇ ਟੀਮ ਵੱਲੋਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਟਨਾਸ਼ਕ 7 ਕਿਲੋ ਮੋਰਟੈਲ/ ਰੀਜੈਂਟ 0.3 ਜੀ (ਫਿਪਰੋਨਿਲ) ਜਾਂ 1 ਲਿਟਰ ਡਰਸਬਾਨ 20 ਈ.ਸੀ. (ਕਲੋਰਪਾਈਰੀਫਾਸ) ਨੂੰ 20 ਕਿਲੋ ਸਲਾਬੀ ਮਿੱਟੀ ਨਾਲ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾਂ ਛੱਟਾ ਦੇਣ ਜਾਂ ਇਸ ਦੇ ਬਦਲ ਵਿੱਚ 50 ਮਿਲੀ ਲਿਟਰ ਪ੍ਰਤੀ ਏਕੜ ਕੋਰਾਜਨ 18.5 ਐਸੀ.ਸੀ. (ਕਲੋਰਐਂਟਰਾਨਿਲੀਪਰੋਲ) ਨੂੰ 80—100 ਲੀਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ।
ਦੌਰੇ ਦੇ ਅਗਲੇ ਪੜਾਅ ਵਿੱਚ ਟੀਮ ਵੱਲੋਂ ਬਰੇਟਾ ਵਿਖੇ ਕਿਸਾਨ ਸ੍ਰੀ ਜਗਮੇਲ ਸਿੰਘ ਦੇ 9 ਏਕੜ ਖੇਤ ਦਾ ਸਰਵੇਖਣ ਕਰਨ ਦੇ ਨਾਲ-ਨਾਲ ਪਿੰਡ ਸੇਖੂਪੁਰ ਖੁਡਾਲ ਅਤੇ ਅਕਬਰਪੁਰ ਖੁਡਾਲ ਵਿੱਚ ਵੱਖ—ਵੱਖ ਕਿਸਾਨਾਂ ਦੇ ਖੇਤਾਂ ਵਿੱਚ ਵੀ ਕਣਕ ਦੀ ਫਸਲ ਦਾ ਸਰਵੇਖਣ ਕੀਤਾ ਗਿਆ। ਜ਼ਿਆਦਾਤਰ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ। ਜਿਨ੍ਹਾਂ ਕੁਝ ਕੁ ਥਾਵਾਂ ਦੇ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਵਿੱਚ ਆਇਆ, ਉਥੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਜਾਰੀ ਕੀਤੀ ਅਡਵਾਇਜਰੀ ਅਨੁਸਾਰ ਉਪਰਾਲੇ ਕਰਨ ਦੀ ਸਲਾਹ ਦਿੱਤੀ ਗਈ। ਟੀਮ ਵੱਲੋਂ ਮੌਕੇ ’ਤੇ ਹਾਜਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਖੇਤਾਂ ਦਾ ਰੋਜਾਨਾ ਨਿਰੀਖਣ ਕੀਤਾ ਜਾਵੇ ਅਤੇ ਹਮਲੇ ਹੋਣ ਦੀ ਸੂਰਤ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਵੇ।
ਇਸ ਮੌਕੇ ਸ੍ਰੀ ਅਵਤਾਰ ਸਿੰਘ ਖੇਤੀਬਾੜੀ ਉਪ ਨਿਰੀਖਕ, ਸ੍ਰੀ ਗਗਨਦੀਪ ਸਿੰਘ ਖੇਤੀਬਾੜੀ ਉਪ ਨਿਰੀਖਕ ਤੋਂ ਇਲਾਵਾ ਪਿੰਡਾਂ ਦੇ ਕਿਸਾਨ ਹਾਜ਼ਰ ਸਨ।