ਖੇਤੀਬਾੜੀ ਵਿਭਾਗ ਵੱਲੋਂ ਬੀਜਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ
ਮਾਨਸਾ, 28 ਮਈ 2025:
ਕਿਸਾਨਾਂ ਨੂੰ ਝੋਨੇ ਦਾ ਮਿਆਰੀ ਬੀਜ ਉਪਲੱਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਦੀ ਜਿ਼ਲ੍ਹਾ ਪੱਧਰੀ ਟੀਮ ਵੱਲੋਂ ਬਰੇਟਾ ਮੰਡੀ ਦੇ ਵੱਖ ਵੱਖ ਬੀਜ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਬੀਜਾਂ ਦੀਆਂ ਦੁਕਾਨਾਂ/ਗੁਦਾਮਾਂ ਦੇ ਰਿਕਾਰਡ ਨੂੰ ਵੀ ਘੋਖਿਆ ਗਿਆ।
ਚੈਕਿੰਗ ਦੌਰਾਨ ਪਾਇਆ ਗਿਆ ਕਿ ਕਿਸੇ ਵੀ ਬੀਜ ਵਿਕਰੇਤਾ ਦੁਆਰਾ ਪੂਸਾ 44/ਅਣਅਧਿਕਾਰਿਤ ਹਾਈਬ੍ਰਿਡ ਬੀਜ ਦੀ ਵਿਕਰੀ ਕਿਸਾਨਾਂ ਨੂੰ ਨਹੀਂ ਕੀਤੀ ਗਈ, ਸਗੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਨਜ਼ੂਰਸ਼ੁਦਾ ਕਿਸਮਾਂ ਹੀ ਕਿਸਾਨਾਂ ਨੂੰ ਵੇਚੀਆਂ ਜਾ ਰਹੀਆਂ ਹਨ।
ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤਪਾਲ ਕੌਰ ਦੁਆਰਾ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਹੋਰ ਰਾਜਾਂ ਤੋਂ ਪੂਸਾ 44 ਅਤੇ ਅਣ—ਅਧਿਕਾਰਿਤ/ਹਾਈਬ੍ਰਿਡ ਬੀਜਾਂ ਦੀ ਖਰੀਦ ਨਾ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾ ਦਾ ਬੀਜ ਖਰੀਦਣ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਜਿਸ ਉਪਰ ਬੈਚ ਨੰ./ਲਾਟ ਨੰ. ਲਿਖਿਆ ਹੋਵੇ ਜ਼ਰੂਰ ਪ੍ਰਾਪਤ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਮਾਨਸਾ ਜਿ਼ਲ੍ਹੇ ਵਿੱਚ ਇੱਕ ਜਿ਼ਲ੍ਹਾ ਪੱਧਰੀ ਤੇ 05 ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਹੋਇਆ ਹੈ ਜੋ ਕਿ ਨਿਰੰਤਰ ਦੁਕਾਨਾਂ ਦੀ ਚੈਕਿੰਗ ਕਰ ਰਹੀਆ ਹਨ। ਇਸ ਟੀਮ ਵਿੱਚ ਗੁਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ), ਸ਼ਗਨਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ (ਇਨਫੋਰਸਮੈਂਟ) ਅਤੇ ਗੁਰਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਬੁਢਲਾਡਾ ਸ਼ਾਮਿਲ ਸਨ।