ਬੰਗਾ 21 ਜਨਵਰੀ
ਅੰਬੇਡਕਰ ਸੈਨਾ ਪੰਜਾਬ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਨੂੰ ਸਮਰਪਿਤ ਨਿਸ਼ਕਾਮ ਲੋਕ ਸੇਵਾ ਹਿੱਤ ਦੂਜਾ ਸਵੈ-ਇਛੱਕ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਭੀਮ ਰਾਉ ਕਲੋਨੀ ਬੰਗਾ ਵਿਖੇ ਲਗਾਇਆ ਗਿਆ । ਇਸ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਵੱਲੋਂ ਨਿਸ਼ਕਾਮ ਸੇਵਾ ਕਰਦੇ ਹੋਏ 30 ਯੂਨਿਟ ਖੂਨਦਾਨ ਕੀਤਾ ਗਿਆ । ਇਸ ਖੂਨਦਾਨ ਕੈਂਪ ਦਾ ਉਦਘਾਟਨ ਸੰਤ ਬਾਬਾ ਕੁਲਵੰਤ ਰਾਮ ਭਰੋ ਮਜਾਰਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਸਭ ਤੋਂ ਪਹਿਲਾਂ ਖੂਨਦਾਨ ਕਰਕੇ ਖੂਨਦਾਨੀਆਂ ਦੇ ਪ੍ਰੇਰਣਾ ਸਰੋਤ ਬਣੇ ।
ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਨੇ ਇਕੱਤਰ ਖੂਨਦਾਨੀਆਂ ਨੂੰ ਮਨੁੱਖੀ ਜੀਵਨ ਵਿਚ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਦੱਸਿਆ ਕਿ ਖੂਨਦਾਨ ਦੁਨੀਆਂ ਦਾ ਵੱਡਮੁੱਲਾ ਅਤੇ ਸਭ ਤੋਂ ਵੱਡਾ ਮਹਾਂਦਾਨ ਹੈ । ਜੋ ਅਤਿ ਕੀਮਤੀ ਮਨੁੱਖੀ ਜ਼ਿੰਦਗੀਆਂ ਬਚਾਉਣ ਕੰਮ ਆਉਂਦਾ ਹੈ । ਉਹਨਾਂ ਨੇ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਨ ਲਈ ਵੀ ਇਕੱਤਰ ਜਨ ਸਮੂਹ ਨੂੰ ਪ੍ਰੇਰਿਤ ਕੀਤਾ । ਪਤਵੰਤੇ ਸੱਜਣਾਂ ਵੱਲੋਂ ਸਵੈ-ਇੱਛਤ ਖੂਨਦਾਨ ਕੈਂਪ ਵਿਚ ਖੂਨਦਾਨੀ ਵਾਲੰਟੀਅਰਾਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫੀਕੇਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ । ਖੂਨਦਾਨ ਕੈਂਪ ਮੌਕੇ ਸ. ਸਰਵਣ ਸਿੰਘ ਬੱਲ ਡੀ ਐਸ ਪੀ ਬੰਗਾ ਵਿਸ਼ੇਸ਼ ਮਹਿਮਾਨ ਸਨ।
ਹਰਜਿੰਦਰ ਕੁਮਾਰ ਸੋਨੂੰ ਮੈਂਬਰ ਸੂਬਾ ਕਮੇਟੀ ਅੰਬਡੇਕਰ ਸੈਨਾ ਨੇ ਦੱਸਿਆ ਕਿ ਖੂਨਦਾਨ ਕੈਂਪ ਸੇਵਾ ਦਾ ਕਾਰਜ ਅੰਬੇਡਕਰ ਸੈਨਾ ਪੰਜਾਬ ਪ੍ਰਧਾਨ ਸੁਰਿੰਦਰ ਢੰਡਾ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ । ਉਹਨਾਂ ਨੇ ਖੂਨਦਾਨ ਕੈਂਪ ਨੂੰ ਸਫਲ ਕਰਨ ਲਈ ਸਮੂਹ ਖੂਨਦਾਨੀਆਂ ਦਾ ਅਤੇ ਤਕਨੀਕੀ ਸਹਿਯੋਗ ਲਈ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਸਵੈ-ਇਛੱਕ ਖੂਨਦਾਨ ਕੈਂਪ ਵਿਚ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਲਈ ਸਰਵ ਸ੍ਰੀ ਬਾਬਾ ਕੁਲਵੰਤ ਰਾਮ ਜੀ, ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ, ਸਰਵਣ ਸਿੰਘ ਬੱਲ ਡੀ ਐਸ ਪੀ ਬੰਗਾ, ਸੁਰਿੰਦਰ ਢੰਡਾ ਪ੍ਰਧਾਨ ਅੰਬਡੇਕਰ ਸੈਨਾ, ਹਰਜਿੰਦਰ ਕੁਮਾਰ ਸੋਨੂੰ ਮੈਂਬਰ ਸੂਬਾ ਕਮੇਟੀ ਅੰਬਡੇਕਰ ਸੈਨਾ, ਧਰਮਿੰਦਰ ਭੁੱਲਾਰਾਈ, ਰਜਿੰਦਰ ਘੇੜਾ, ਬਲਵਿੰਦਰ ਬੌਬੀ, ਤਰਲੋਕ ਰਾਮ, ਰਣਜੀਤ ਰਾਮ, ਸੰਜੀਵ ਕੁਮਾਰ, ਸਟੀਫਨ ਮੱਲ, ਧੰਨਪਤ ਰਾਏ, ਹਰਜਿੰਦਰ ਜੰਡਾਲੀ, ਮਨਜੀਤ ਸਿੰਘ ਬੇਦੀ ਇੰਚਾਰਜ ਬਲੱਡ ਬੈਂਕ, ਸੁਰਜੀਤ ਸਿੰਘ ਤੋਂ ਇਲਾਵਾ ਅੰਬੇਡਕਰ ਸੈਨਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਵੀ ਹਾਜ਼ਰ ਸਨ । ਇਸ ਮੌਕੇ ਖੂਨਦਾਨੀਆਂ ਲਈ ਵਿਸ਼ੇਸ਼ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ ।