ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਐਤਵਾਰ ਤੋਂ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਕੋਪ 26 ਸ਼ੁਰੂ ਹੋ ਗਿਆ ਹੈ। ਇਸ ਸੰਮੇਲਨ ਤੋਂ ਪਹਿਲਾਂ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਹਥਿਆਰ ਬਰਾਮਦ ਕੀਤੇ ਗਏ। ਪਿਛਲੇ ਦਿਨੀਂ ਇੱਕ ਸੁਰੱਖਿਆ ਕਰਮਚਾਰੀ ਦੇ ਸਮਾਨ ਵਿੱਚੋਂ ਚਾਕੂ ਅਤੇ ਬੰਦੂਕ ਬਰਾਮਦ ਕਰਨ ਦੇ ਬਾਅਦ ਪੁਲਿਸ ਨੇ ਇੱਕ ਸਮੁੰਦਰੀ ਜਹਾਜ਼ ਵਿੱਚੋਂ ਵੀ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਿਸ ਨੇ ਵੀਰਵਾਰ ਨੂੰ ਗਵਨ ਵਿੱਚ ਇੱਕ ਸਮੁੰਦਰੀ ਜਹਾਜ਼ ਦੀ ਤਲਾਸ਼ੀ ਲਈ, ਜਿਸ ਵਿੱਚੋਂ ਇੱਕ ਪੈਨ ਨਾਈਫ, ਇੱਕ ਸਵਿਸ ਜੇਬ ਟੂਲ, ਇੱਕ ਹਥੌੜਾ ਅਤੇ ਇੱਕ ਮਾਰਸ਼ਲ ਆਰਟ ਹਥਿਆਰਾਂ ਦਾ ਸੈੱਟ ਮਿਲਿਆ । ਇਹ ਜਹਾਜ਼ ਐੱਸ ਈ ਸੀ ਕੈਂਪਸ ਤੋਂ ਸਿੱਧੇ ਕਲਾਈਡ ਨਦੀ ਦੇ ਪਾਰ ਦੇ ਖੇਤਰ ਵਿੱਚ ਸੀ, ਅਤੇ ਪੁਲਿਸ ਦੁਆਰਾ ਬਰਾਮਦ ਕੀਤੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ। ਅਕਤੂਬਰ 31 ਤੋਂ 12 ਨਵੰਬਰ ਤੱਕ ਚੱਲਣ ਵਾਲੇ ਕੋਪ 26 ਸੰਮੇਲਨ ਲਈ ਸਕਾਟਲੈਂਡ ਪੁਲਿਸ ਦੁਆਰਾ ਇੱਕ ਵੱਡੇ ਸੁਰੱਖਿਆ ਅਭਿਆਨ ਲਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਯੂ ਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਦੁਨੀਆ ਭਰ ਦੇ ਕਈ ਹੋਰ ਰਾਸ਼ਟਰਪਤੀ ਅਤੇ ਰਾਜ ਮੁਖੀਆਂ ਸਮੇਤ ਵਿਸ਼ਵ ਨੇਤਾ ਇਸ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਹਨ।
Boota Singh Basi
President & Chief Editor