ਗਲਾਸਗੋ: ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

0
111
ਗਲਾਸਗੋ: ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਮੁੱਚੀ ਲੋਕਾਈ ਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦੇਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਦੇਸ਼ ਵਿਦੇਸ਼ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸਕਾਟਲੈਂਡ ਦੇ ਖੂਬਸੂਰਤ ਸ਼ਹਿਰ ਗਲਾਸਗੋ ਵਿਖੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਐਲਬਰਟ ਡਰਾਈਵ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਸ ਨਗਰ ਕੀਰਤਨ ਦਾ ਪਹਿਲਾ ਤੇ ਵਿਚਕਾਰਲਾ ਪੜਾਅ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸੇਂਟ ਐਂਡਰਿਉ ਡਰਾਈਵ ਸੀ।
 ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦੇ ਨਾਲ ਪਹੁੰਚੀਆਂ ਸੰਗਤਾਂ ਨੂੰ ਜੀ ਆਇਆ ਕਿਹਾ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਲੁਭਾਇਆ ਸਿੰਘ ਮਹਿਮੀ, ਸਰਦਾਰ ਹਰਜੀਤ ਸਿੰਘ ਖਹਿਰਾ, ਸਰਦਾਰ ਗੁਰਦੀਪ ਸਿੰਘ ਸਮਰਾ ਆਦਿ ਨੇ ਜਿੱਥੇ ਸੰਗਤਾਂ ਨੂੰ ਵਧਾਈ ਪੇਸ਼ ਕੀਤੀ ਉੱਥੇ ਸਮੁੱਚੀਆਂ ਸੰਗਤਾਂ ਨੂੰ ਇਸ ਨਗਰ ਕੀਰਤਨ ਦਾ ਹਿੱਸਾ ਬਣਨ ‘ਤੇ ਧੰਨਵਾਦ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸਾਨੂੰ ਇਹ ਸਿੱਖਿਆ ਲੈਣੀ ਬਣਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ ਸੀ। ਆਓ ਇਸ ਦਿਨ ਪਰਨ ਕਰੀਏ ਕਿ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਨੂੰ ਲੜ ਬੰਨ੍ਹ ਕੇ ਹਰ ਕਿਸੇ ਦੇ ਹੱਕ ਦੀ ਰਾਖੀ ਵੀ ਕਰਾਂਗੇ।
ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾ ਰਹੀ ਸੀ। ਬੇਸ਼ੱਕ ਇਸ ਦਿਨ ਮੀਂਹ ਪੈ ਰਿਹਾ ਸੀ ਪਰ ਫਿਰ ਵੀ ਰੌਚਕ ਨਜ਼ਾਰਾ ਪੇਸ਼ ਹੋ ਰਿਹਾ ਸੀ।
ਇਸ ਸਮੇਂ ਜਿੱਥੇ ਗੁਰੂ ਘਰ ਦੇ ਵਜ਼ੀਰ ਭਾਈ ਅਮਰੀਕ ਸਿੰਘ, ਭਾਈ ਮਨਪ੍ਰੀਤ ਸਿੰਘ ਤੇ ਭਾਈ ਗਗਨਦੀਪ ਸਿੰਘ ਵੱਲੋਂ ਲਗਾਤਾਰ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਸੀ ਉੱਥੇ ਦੂਰ-ਦੂਰ ਤੱਕ ਤੁਰੀਆਂ ਜਾ ਰਹੀਆਂ ਸੰਗਤਾਂ ਆਪੋ ਆਪਣੀਆਂ ਟੋਲੀਆਂ ਦੇ ਰੂਪ ਦੇ ਵਿੱਚ ਕੀਰਤਨ ਤੇ ਭਜਨ ਗਾਇਨ ਕਰਦੀਆਂ ਨਜ਼ਰ ਆ ਰਹੀਆਂ ਸਨ।

LEAVE A REPLY

Please enter your comment!
Please enter your name here