ਗਾਇਕ ਅੰਗਰੇਜ ਅਲੀ ਦੀ ਬੁਲੰਦ ਗਾਇਕੀ ਨੇ ਸਿਖਰ ‘ਤੇ ਪਹੁੰਚਾਇਆ ਮੇਲਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਧਰਤੀ ‘ਤੇ ਹਰ ਸਾਲ ਹੋਣ ਵਾਲਾ ਗਲਾਸਗੋ ਮੇਲਾ ਵਿਲੱਖਣ ਸਥਾਨ ਰੱਖਦਾ ਹੈ। ਇਸ ਮੇਲੇ ਦੀ ਸਕਾਟਲੈਂਡ ਵਸਦੇ ਲੋਕ ਬੇਸਬਰੀ ਨਾਲ ਉਡੀਕ ਕਰਦੇ ਹਨ। ਗਲਾਸਗੋ ਦੇ ਕੈਲਵਿਨਗ੍ਰੋਵ ਪਾਰਕ ਵਿੱਚ ਇਸ ਵਰ੍ਹੇ ਦਾ “ਗਲਾਸਗੋ ਮੇਲਾ 2023” ਸ਼ਾਨੋ ਸ਼ੌਕਤ ਨਾਲ ਨੇਪਰੇ ਚੜ੍ਹਿਆ। ਮੇਲੇ ਦੀ ਸ਼ੁਰੂਆਤ ਮੀਂਹ ਦੀ ਭੇਂਟ ਚੜ੍ਹ ਗਈ ਪਰ ਮੇਲੀਆਂ ਦੇ ਉਤਸ਼ਾਹ ਨੂੰ ਮੀਂਹ ਵੀ ਮੱਠਾ ਪਾਉਣ ਵਿੱਚ ਅਸਫਲ ਰਿਹਾ। ਵੱਖ ਵੱਖ ਧਰਮਾਂ, ਫਿਰਕਿਆਂ, ਦੇਸ਼ਾਂ ਦੇ ਲੋਕ ਮੇਲੇ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਸਨ। ਕੱਪੜਿਆਂ, ਗਹਿਣਿਆਂ, ਮਠਿਆਈਆਂ ਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ‘ਤੇ ਰੌਣਕਾਂ ਪੰਜਾਬ ਦੇ ਕਿਸੇ ਮੇਲੇ ਦੀ ਯਾਦ ਤਾਜ਼ਾ ਕਰਵਾ ਰਹੀਆਂ ਸਨ। ਲੋਕਾਂ ਦੇ ਮਨੋਰੰਜਨ ਲਈ ਇੱਕ ਛੋਟੀ ਤੇ ਇੱਕ ਵੱਡੀ ਸਟੇਜ ਰਾਹੀਂ ਵੱਖ ਵੱਖ ਕਲਾਕਾਰ ਸਾਰਾ ਦਿਨ ਮੇਲੀਆਂ ਦਿ ਮਨੋਰੰਜਨ ਕਰਦੇ ਰਹੇ। ਮੇਲੇ ਦੀ ਵੱਡੀ ਸਟੇਜ ਤੋਂ ਗਾਇਕ ਮਾਣਕੀ, ਗਾਇਕ ਐੱਚ ਧਾਮੀ, ਗਾਇਕ ਅਰਜਨ ਸਮੇਤ ਬਹੁਤ ਸਾਰੇ ਕਲਾਕਾਰਾਂ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਵਰ੍ਹਦੇ ਮੀਂਹ ਵਿੱਚ ਵੀ ਨੱਚਣ ਲਈ ਮਜਬੂਰ ਕੀਤਾ। ਮੇਲੇ ਦੇ ਅਖੀਰ ‘ਤੇ ਗਾਇਕ ਅੰਗਰੇਜ ਅਲੀ ਦੀ ਵਾਰੀ ਆਈ ਤਾਂ ਮੀਂਹ ਹਟਣ ਦੇ ਨਾਲ ਨਾਲ ਤਿੱਖੀ ਧੁੱਪ ਨਿਕਲਣ ਕਾਰਨ ਮਾਹੌਲ ਵਿੱਚ ਗਰਮਾਹਟ ਆ ਗਈ। ਅੰਗਰੇਜ ਅਲੀ ਨੇ ਆਪਣੀ ਬੁਲੰਦ ਆਵਾਜ ਵਿੱਚ ਇੱਕ ਤੋਂ ਵੱਧ ਇੱਕ ਗੀਤ ਗਾ ਕੇ ਦੂਰ ਦੂਰ ਫਿਰਦੇ ਲੋਕਾਂ ਨੂੰ ਵੀ ਸਟੇਜ ਨੇੜੇ ਪਹੁੰਚਣ ਲਈ ਮਜਬੂਰ ਕਰ ਦਿੱਤਾ। ਅੰਗਰੇਜ ਅਲੀ ਵੱਲੋਂ ਲਾਈਵ ਬੈਂਡ ਨਾਲ ਕੀਤੀ ਪੇਸ਼ਕਾਰੀ ਦੀ ਹਰ ਕੋਈ ਤਾਰੀਫ ਕਰਦਾ ਨਜ਼ਰ ਆ ਰਿਹਾ ਸੀ। ਮੁੱਕਦੀ ਗੱਲ ਇਹ ਕਿ ਇਸ ਵਰ੍ਹੇ ਦਾ ਗਲਾਸਗੋ ਮੇਲਾ ਅੰਗਰੇਜ ਅਲੀ ਆਪਣੇ ਨਾਮ ਕਰਵਾ ਗਿਆ। ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਮੇਲਾ ਪ੍ਰਬੰਧਕ ਹਰਦੀਪ ਸਿੰਘ ਸੋਢੀ ਦੀਹਰੇ ਨੇ ਜਿੱਥੇ ਮੇਲੇ ਦੀ ਸਫ਼ਲਤਾ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ, ਉੱਥੇ ਸਕਾਟਲੈਂਡ ਦੇ ਲੋਕਾਂ ਦਾ ਦਿਲੀ ਧੰਨਵਾਦ ਕੀਤਾ ਜਿਹਨਾਂ ਨੇ ਮੌਸਮ ਦੀ ਪ੍ਰਵਾਹ ਨਾ ਕਰਦਿਆਂ ਵੀ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।