ਗਲਾਸਗੋ ਸੰਮੇਲਨ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਹਜਾਰਾਂ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ

0
233

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਚੱਲ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਇਸ ਹਫਤੇ ਦੇ ਅੰਤ ਵਿੱਚ 58,000 ਤੋਂ ਵੱਧ ਕਾਰਕੁੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਗਲਾਸਗੋ ਵਾਸੀਆਂ ਨੂੰ ਪ੍ਰੇਸ਼ਾਨੀ ਤੋਂ ਬਚਣ ਲਈ ਬੇਲੋੜੀ ਯਾਤਰਾ ਤੋਂ ਬਚਣ ਦੀ ਅਪੀਲ ਕੀਤੀ ਹੈ ਕਿਉਂਕਿ ਵੱਡੀਆਂ ਰੈਲੀਆਂ ਪੂਰੇ ਸ਼ਹਿਰ ਵਿੱਚ ਸੜਕਾਂ ਅਤੇ ਜਨਤਕ ਆਵਾਜਾਈ ਵਿੱਚ ਵਿਘਨ ਪਾ ਸਕਦੀਆਂ ਹਨ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਤੇ ਗਲੀਆਂ ਵੀ ਬੰਦ ਕੀਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਸ਼ੁੱਕਰਵਾਰ 5 ਨਵੰਬਰ ਨੂੰ ਯੁਵਾ ਅਤੇ ਜਨਤਕ ਸਸ਼ਕਤੀਕਰਨ ਦਿਵਸ ’ਤੇ ਸ਼ਹਿਰ ਦੀਆਂ ਸੜਕਾਂ ’ਤੇ 8,000 ਪਝਦਰਸ਼ਨਕਾਰੀਆਂ ਦਾ ਇੱਕ ਜਲੂਸ ਦਿਖਾਈ ਦੇਵੇਗਾ। ਹਫਤੇ ਦੇ ਸ਼ੁਰੂ ਵਿੱਚ ਗ੍ਰੇਟਾ ਥਨਬਰਗ ਨੇ ਵੀ ਪੁਸ਼ਟੀ ਕੀਤੀ ਸੀ ਕਿ ਉਹ ਇਸ ਸਮਾਗਮ ਵਿੱਚ ਹਿੱਸਾ ਲਵੇਗੀ। ਫ੍ਰਾਈਡੇਜ਼ ਫਾਰ ਫਿਊਚਰ ਸਕਾਟਲੈਂਡ ਦੁਆਰਾ ਕਲਾਈਮੇਟ ਸਟ੍ਰਾਈਕ ਦਾ ਆਯੋਜਨ ਕੀਤਾ ਗਿਆ ਹੈ, ਜਿਸਦੀ ਸਥਾਪਨਾ ਥਨਬਰਗ ਦੀ ਸਰਗਰਮੀ ਤੋਂ ਪ੍ਰੇਰਿਤ ਨੌਜਵਾਨਾਂ ਦੁਆਰਾ ਕੀਤੀ ਗਈ ਸੀ। ਕੇਲਵਿਨਗਰੋਵ ਪਾਰਕ ਤੋਂ ਸਵੇਰੇ 11.30 ਵਜੇ ਸ਼ੁਰੂ ਹੋ ਕੇ ਇਹ ਜਲੂਸ ਕੈਲਵਿਨ ਵੇ, ਸੌਕੀਹਾਲ ਸਟਰੀਟ, ਕੇਲਵਿੰਗਰੋਵ ਸਟਰੀਟ, ਅਰਗਾਇਲ ਸਟ੍ਰੀਟ, ਸੇਂਟ ਵਿਨਸੈਂਟ ਸਟ੍ਰੀਟ, ਪਿਟ ਸਟ੍ਰੀਟ, ਵੈਸਟ ਜਾਰਜ ਸਟ੍ਰੀਟ, ਬਲਿਥਸਵੁੱਡ ਸਕੁਏਅਰ, ਵੈਸਟਲ ਐਨ ਜਾਰਜ ਮੈਨਡੇਲਾ ਸਟ੍ਰੀਟ ਤੋਂ ਹੁੰਦੇ ਹੋਏ ਜਾਰਜ ਸਕੁਏਅਰ ਤੱਕ ਪਹੁੰਚੇਗਾ। ਇਸਦੇ ਇਲਾਵਾ ਸ਼ਨੀਵਾਰ 6 ਨਵੰਬਰ ਨੂੰ, 50,000 ਲੋਕਾਂ ਦੇ ਨਾਲ ਕੇਲਵਿੰਗਰੋਵ ਪਾਰਕ ਤੋਂ ਗਲਾਸਗੋ ਗ੍ਰੀਨ ਤੱਕ ਵੀ ਪ੍ਰਦਰਸ਼ਨ ਹੋਵੇਗਾ। ਜਲਵਾਯੂ ਨਿਆਂ ਲਈ ਗਲੋਬਲ ਡੇਅ ਆਫ ਐਕਸ਼ਨ ਦੇ ਹਿੱਸੇ ਵਜੋਂ, ਇਹ ਪ੍ਰਦਰਸ਼ਨ ਕੋਪ 26 ਕੋਲੀਸ਼ਨ ਦੁਆਰਾ ਆਯੋਜਿਤ ਕੀਤਾ ਗਿਆ ਹੈ, ਜੋ ਕਿ ਯੂਕੇ ਅਧਾਰਤ, ਜਲਵਾਯੂ ਨਿਆਂ ਲਈ ਸਿਵਲ ਸੋਸਾਇਟੀ ਭਾਈਵਾਲੀ ਮੁਹਿੰਮ ਚਲਾ ਰਿਹਾ ਹੈ। ਗਲੋਬਲ ਡੇਅ ਆਫ ਐਕਸ਼ਨ ਵਿੱਚ ਲੰਡਨ, ਮਾਨਚੈਸਟਰ ਅਤੇ ਕਈ ਹੋਰ ਸ਼ਹਿਰਾਂ ਵਿੱਚ ਇੱਕੋ ਸਮੇਂ ਇੱਕੋ ਜਿਹੀਆਂ ਰੈਲੀਆਂ ਹੋਣਗੀਆਂ। ਕੋਪ 26 ਗੱਠਜੋੜ ਦੇ ਇਸ ਜਲੂਸ ਵਿੱਚ ਹਿੱਸਾ ਲੈਣ ਵਾਲੇ ਕੈਲਵਿਨਗਰੋਵ ਪਾਰਕ ਵਿੱਚ ਇਕੱਠੇ ਹੋਣਗੇ, ਅਰਗਾਇਲ ਸਟ੍ਰੀਟ, ਸੇਂਟ ਵਿਨਸੈਂਟ ਸਟਰੀਟ, ਜਾਰਜ ਸਟਰੀਟ ਅਤੇ ਗਲਾਸਗੋ ਗ੍ਰੀਨ ਵੱਲ ਹਾਈ ਸਟਰੀਟ ਵੱਲ ਯਾਤਰਾ ਕਰਨ ਤੋਂ ਪਹਿਲਾਂ ਦੁਪਹਿਰ 12.30 ਵਜੇ ਰਵਾਨਾ ਹੋਣਗੇ। ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਿੱਚ ਹਾਜ਼ਰੀਨ ਦੀ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਇਹਨਾ ਦਿਨਾਂ ਦੌਰਾਨ ਗਲਾਸਗੋ ਦੀਆਂ ਮਹੱਤਵਪੂਰਨ ਸੜਕਾਂ ਬੰਦ ਹੋਣਗੀਆਂ। ਇਨ੍ਹਾਂ ਦੋਵਾਂ ਦਿਨਾਂ ਦੌਰਾਨ ਸ਼ਹਿਰ ਵਿੱਚ ਭੀੜ-ਭੜੱਕੇ ਅਤੇ ਯਾਤਰਾ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here