ਅੰਮ੍ਰਿਤਸਰ ( ਰਾਜਿੰਦਰ ਰਿਖੀ ) -ਪੀ.ਟੀ.ਸੀ ਗਰੁੱਪ ਦੇ ਪੀ.ਟੀ.ਸੀ ਰਿਕਾਰਡਜ਼ ਤੋਂ ਗਹਿਣਾ ਚਾਵਲਾ ਦਾ ਪਹਿਲਾ ਗੀਤ ਦਗੇਬਾਜੀ ਬੁੱਧਵਾਰ ਨੂੰ ਰਿਲੀਜ਼ ਕੀਤਾ ਗਿਆ। ਜਿਸ ਦੇ ਰਿਲੀਜ਼ ਸਮਾਰੋਹ ‘ਚ ਸ਼ਹਿਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ (ਏ.ਡੀ.ਸੀ.ਪੀ.) ਪ੍ਰਭਜੋਤ ਸਿੰਘ ਵਿਰਕ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ, ਜਦੋਂ ਕਿ ਬਾਲੀਵੁੱਡ ਅਦਾਕਾਰ ਅਰਵਿੰਦਰ ਸਿੰਘ ਭੱਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਗਾਇਕਾ ਗਹਿਣਾ ਚਾਵਲਾ ਨੂੰ ਉਸ ਦੇ ਪਹਿਲੇ ਗੀਤ ਦਗੇਬਾਜ਼ੀ ਲਈ ਵਧਾਈ ਦਿੱਤੀ। ਗਹਿਣਾ ਚਾਵਲਾ ਦੇ ਗੀਤ ਨੂੰ ਤਿਆਰ ਕਰਨ ਵਾਲੇ ਉਸ ਦੇ ਪਿਤਾ ਰਾਜਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਗੀਤ ਨੂੰ ਨਿੰਮਾ ਲੋਹਾਰਕਾ ਨੇ ਲਿਖਿਆ ਹੈ। ਜਦਕਿ ਗੀਤ ਦੀ ਰਚਨਾ ਅਤੇ ਸੰਗੀਤ ਜੱਸੀ ਐਕਸ ਨੇ ਤਿਆਰ ਕੀਤਾ ਹੈ। ਅਜੈ ਸਿੰਘ ਨੇ ਇਸਨੂੰ ਵੱਖ-ਵੱਖ ਮਨਮੋਹਕ ਲੋਕੇਸ਼ਨਾਂ ‘ਤੇ ਸ਼ੂਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੀ.ਟੀ.ਸੀ ਰਿਕਾਰਡਜ਼ ਵੱਲੋਂ ਇੰਟਰਨੈੱਟ ਮੀਡੀਆ ਰਾਹੀਂ ਜਾਰੀ ਕੀਤੇ ਗਏ ਪ੍ਰੋਮੋ ਨੂੰ ਪੰਜਾਬੀ ਸੰਗੀਤ ਜਗਤ ਦੇ ਸਰੋਤਿਆਂ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਦੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ ਹੈ। ਦੂਜੇ ਪਾਸੇ ਗਾਇਕ ਗਹਿਣਾ ਚਾਵਲਾ ਨੇ ਦੱਸਿਆ ਕਿ ਉਸ ਨੇ ਆਪਣੀ ਮੁੱਢਲੀ ਸਿੱਖਿਆ ਮਜੀਠਾ ਰੋਡ ਸਥਿਤ ਸੈਕਰਡ ਹਾਰਟ ਸਕੂਲ ਤੋਂ ਕੀਤੀ। ਜਿੱਥੇ ਉਸ ਨੇ ਪੜ੍ਹਾਈ ਦੇ ਨਾਲ ਨਾਲ ਸੈਕਰਡ ਹਾਰਟ ਸਕੂਲ ਦੇ ਸਾਲਾਨਾ ਸਮਾਗਮਾਂ ਦੇ ਨਾਲ-ਨਾਲ ਸ਼ੁਰੂ ਕਰ ਕੇ ਕੀਤੀ। ਉਸਦੀ ਅਧਿਆਪਕਾ ਲਤਿਕਾ ਅਰੋੜਾ ਨੇ ਵੀ ਉਸਨੂੰ ਗਾਉਣ ਲਈ ਪ੍ਰੇਰਿਤ ਕੀਤਾ।
ਉਸ ਨੇ ਦੱਸਿਆ ਕਿ ਉਸ ਦੀ ਮਾਤਾ ਗਗਨਦੀਪ ਚਾਵਲਾ ਵੀ ਸ਼ੁਰੂ ਤੋਂ ਹੀ ਸਕੂਲ, ਕਾਲਜ ਤੱਕ ਹੋਣ ਵਾਲੇ ਪ੍ਰੋਗਰਾਮਾਂ ਲਈ ਸ਼ਬਦ ਤਿਆਰ ਕਰਦੀ ਸੀ। ਅੱਜ ਵੀ ਉਸ ਦੀ ਗਾਇਕੀ ਵਿੱਚ ਉਸ ਦੀ ਮਾਂ ਗਗਨਦੀਪ ਚਾਵਲਾ ਦਾ ਬਹੁਤ ਸਹਿਯੋਗ ਹੈ, ਜਿਸ ਦੀ ਬਦੌਲਤ ਉਹ ਅੱਜ ਪਾਲੀਵੁੱਡ ਵਿੱਚ ਆਪਣੇ ਪਹਿਲੇ ਗੀਤ ਦਗੇਬਾਜ਼ੀ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ।ਉਸ ਨੇ ਦੱਸਿਆ ਕਿ ਉਹ ਲਾਰੈਂਸ ਰੋਡ ‘ਤੇ ਸਥਿਤ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਵਿਚ ਬੀਬੀਏ ਦੂਜੇ ਸਾਲ ਦੀ ਵਿਦਿਆਰਥਣ ਹੈ। ਜਿੱਥੇ ਉਹ ਰੰਗਾਰੰਗ ਅਤੇ ਯੁਵਕ ਮੇਲੇ ਦੇ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਭਾਗ ਲੈ ਕੇ ਪ੍ਰਸ਼ੰਸਾ ਪ੍ਰਾਪਤ ਕਰਦੀ ਹੈ। ਇਸ ਮੌਕੇ ਹਰਪ੍ਰੀਤ ਸਿੰਘ, ਐਕਸੀਅਨ ਮਨਦੀਪ ਸਿੰਘ, ਐਕਸੀਅਨ ਗਗਨਦੀਪ ਸਿੰਘ, ਐਕਸੀਅਨ ਅਮਿਤ ਗਗਨ ਭਾਟੀਆ ਆਦਿ ਹਾਜ਼ਰ ਸਨ।