ਗ਼ਲਤ ਅੰਕੜੇ ਦੇਣ ਵਾਲ਼ੇ ਅਧਿਕਾਰੀਆਂ ਖਿਲਾਫ ਵਿਭਾਗੀ ਕਰਵਾਈ ਹੋਵੇ : ਚੰਗਣ , ਹਠੂਰ, ਦਾਖਾ
ਅੱਜ ਐੱਸ.ਸੀ/ ਬੀ.ਸੀ ਅਧਿਆਪਕ ਜਥੇਬੰਦੀ ਵਲੋਂ ਡਾਇਰੈਕਟਰ ਸਕੂਲ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਆਪ ਜੀ ਵਲੋਂ ਰੋਸਟਰ ਰਜਿਸਟਰਾਂ ਵਿੱਚ ਰਾਖਵੀ ਸ਼੍ਰੇਣੀ ਉਮੀਦਵਾਰਾਂ ਦੇ ਅੰਕੜ੍ਹੇ ਸਹੀ ਕਰਨ ਲਈ ਲਿਖਿਆ ਪੱਤਰ ਮਿਲਣ ਦੇ ਬਾਵਜੂਦ ਕੁੱਝ ਜਿਲ੍ਹਾ ਸਿੱਖਿਆ ਦਫ਼ਤਰ, ਜਿਲ੍ਹੇ ਵਿੱਚ ਮੌਜੂਦ ਈ ਟੀ ਟੀ ਕਾਡਰ ਦੀਆਂ ਪੋਸਟਾਂ ਦੀ ਨਿਯੁਕਤੀ ਦੀ ਕੈਟਾਗਰੀ ਸਹੀ ਨਹੀਂ ਭਰ ਰਹੇ ਹਨ । ਇਸ ਸੰਬੰਧੀ ਕਈ ਬਲਾਕ ਅਧਿਕਾਰੀਆਂ ਵਲੋਂ ਅਧਿਆਪਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈl ਇਸ ਉੱਤੇ ਡਾਇਰੈਕਟਰ ਸਕੂਲ ਸਿੱਖਿਆ ਵੱਲੋ ਵਿਸ਼ਵਾਸ਼ ਦਿਵਾਇਆ ਗਿਆ ਕਿ ਅੰਕੜੇ ਹਰ ਹਾਲਤ ਵਿੱਚ ਸਹੀ ਕਰਵਾਏ ਜਾਣਗੇ l ਭੁਪਿੰਦਰ ਸਿੰਘ ਚੰਗਣ ਪ੍ਰਧਾਨ ਐਸ ਸੀ ਬੀ ਸੀ ਅਧਿਆਪਕ ਯੂਨੀਅਨ ਲੁਧਿਆਣਾ ਨੇ ਪ੍ਰੈੱਸ ਨੂੰ ਦੱਸਿਆ ਕਿ ਜੇਕਰ ਇਹ ਸਿਲਸਿਲਾ ਦਰੁਸਤ ਨਾ ਹੋਇਆ ਤਾਂ ਜਥੇਬੰਦੀ ਅਜਿਹੇ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਐਕਸ਼ਨ ਕਰਵਾਉਣ ਲਈ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀI
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਗੇਟ ਦੇ ਅੱਗੇ ਦਰੀਆਂ ਵਿਛਾਈ ਬੈਠੇ 2364 ਬੇਰੁਜ਼ਗਾਰ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਮਿਲ਼ਣ ਦੀ ਆਸ ਵਿੱਚ ਹਨ । ਜਿਨ੍ਹਾਂ ਨੂੰ ਸਰਕਾਰ ਦੀ ਟਾਲ ਮਟੋਲ ਨੀਤੀ ਦੇ ਚਲਦਿਆਂ ਨਿੱਤ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਜਨਰਲ ਸਕੱਤਰ ਪਰਮਜੀਤ ਸਿੰਘ , ਰਣਜੀਤ ਹਠੂਰ, ਸ੍ਰੀ ਬਿਆਸ ਲਾਲ ਨੇ ਕਿਹਾ ਕਿ ਇਹ 2364 ਬੇਰੁਜ਼ਗਾਰ ਉਹ ਅਧਿਆਪਕ ਹਨ ਜੋ 2020 ਤੋਂ ਲਗਾਤਾਰ ਲੜ ਰਹੇ ਹਨ। ਇਹ ਸਾਥੀ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਇਨ੍ਹਾਂ ਦੀ ਸਟੇਸ਼ਨ ਚੁਆਇਸ ਵੇਲੇ ਸਿਰਫ ਐੱਸ ਸੀ ਤੇ ਬੀ ਸੀ ਸਾਥੀਆਂ ਨੂੰ ਨਾਂਹ ਮਿਲ ਜਾਂਦੀ ਹੈ। ਅਖੇ ਤੁਹਾਡੀਆਂ ਸੀਟਾਂ ਉਪਲਬਧ ਨਹੀਂ ਹਨ।
ਵਿੱਤ ਸਕੱਤਰ ਮਨੋਹਰ ਸਿੰਘ ਦਾਖਾ, ਮੀਤ ਪ੍ਰਧਾਨ ਗੁਰਮੀਤ ਸਿੰਘ ਅਕਾਲਗੜ੍ਹ , ਸਕੱਤਰ ਸੁਖਜੀਤ ਸਿੰਘ ਸਾਬਰ ਨੇ ਕਿਹਾ ਕਿ ਜੇਕਰ ਪਿਛਲੀਆਂ ਪੰਜ ਕੁ ਭਰਤੀਆਂ ਦੀ ਨਿਯੁਕਤੀ ਵੇਲੇ ਰਿਜ਼ਰਵੇਸ਼ਨ ਪਾਲਿਸੀ ਨੂੰ ਵਾਚੀਏ ਤਾਂ ਸੰਬੰਧਿਤ ਬੇਰੁਜ਼ਗਾਰ ਅਧਿਆਪਕ ਤਾਂ ਇੱਕ ਹੀ ਜ਼ਿਲੇ ਵਿੱਚ ਨਿਕਲ ਰਹੇ ਬੈਕਲਾਗ ਤੇ ਭਰਤੀ ਹੋ ਜਾਣਗੇ। ਬਸ਼ਰਤੇ ਸਰਕਾਰ ਤੇ ਅਧਿਕਾਰੀਆਂ ਦੀ ਮਨਸ਼ਾ ਇਮਾਨਦਾਰੀ ਵਾਲ਼ੀ ਹੋਵੇ।
ਮੌਜੂਦਾ ਹਾਲਾਤ ਇਹ ਹਨ ਕਿ ਈ ਟੀ ਟੀ ਕਾਡਰ ਦੀਆਂ ਪਹਿਲਾਂ ਦੀਆਂ ਭਰਤੀਆਂ ਦੌਰਾਨ ਸਰਕਾਰਾਂ ਤੇ ਅਧਿਕਾਰੀਆਂ ਦੀਆਂ ਧੱਕੇਸ਼ਾਹੀਆਂ ਕਾਰਨ ਰਿਜ਼ਰਵੇਸ਼ਨ ਦੀਆਂ ਧੱਜੀਆਂ ਉਡਾਈਆਂ ਗਈਆਂ। ਐੱਸ ਸੀ ਤੇ ਬੀ ਸੀ ਵਰਗ ਦੇ ਉਹ ਅਧਿਆਪਕ ਜੋ ਆਪਣੀ ਮੈਰਿਟ ਦੇ ਆਧਾਰ ਤੇ ਜਨਰਲ/ਓਪਨ ਵਰਗ ਵਿੱਚ ਸਿਲੈਕਟ ਹੋਣੇ ਬਣਦੇ ਸਨ, ਉਹਨਾਂ ਨੂੰ ਰੋਸਟਰ ਨੁਕਤਿਆਂ ਤੇ ਭਰਤੀ ਕਰਕੇ ਐੱਸ ਸੀ ਤੇ ਬੀ ਸੀ ਵਰਗ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਪੋਸਟਾਂ ਭਰ ਦਿੱਤੀਆਂ ਗਈਆਂ। ਜਿਸ ਦਾ ਖਮਿਆਜ਼ਾ ਅਜਿਹੇ 2364 ਵਰਗੇ ਬੇਰੁਜ਼ਗਾਰਾਂ ਨੂੰ ਭੁਗਤਣਾ ਪੈ ਰਿਹਾ ਹੈ।ਜੇਕਰ ਇਹ ਦਰੁਸਤ ਨਹੀਂ ਹੁੰਦਾ ਤਾਂ 5994 ਉਮੀਦਵਾਰਾਂ ਨੂੰ ਵੀ ਵਿਭਾਗ ਵਿੱਚ ਸੀਟਾਂ ਨਾ ਹੋਣ ਦੇ ਕਾਰਨ ਹਾਜ਼ਰ ਕਰਵਾਉਣ ਵਿੱਚ ਨਾ ਨੁਕਰ ਦੀ ਨੀਤੀ ਵਰਤੀ ਜਾ ਸਕਦੀ ਹੈ l
ਹੁਣ ਮਿਤੀ 1/10/2024 ਨੂੰ ਡੀ ਪੀ ਆਈ ਐਲੀਮੈਂਟਰੀ ਵਲੋਂ ਸੂਬੇ ਦੇ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਪੱਤਰ ਲਿਖਿਆ ਜਾਂਦਾ ਹੈ ਕਿ ਇਸ ਸੰਬੰਧੀ ਦਰੁਸਤ ਰਿਪੋਰਟ ਭੇਜੀ ਜਾਵੇ। ਬਾਵਜੂਦ ਇਸ ਦੇ ਕਈ ਜ਼ਿਲਿਆਂ ਵਲੋਂ ਅਜੇ ਵੀ ਐੱਸ ਸੀ ਤੇ ਬੀ ਸੀ ਅਧਿਆਪਕਾਂ ਪ੍ਰਤੀ ਅਣਗਹਿਲੀ ਤੇ ਧੱਕੇਸ਼ਾਹੀ ਵਰਤੀ ਜਾ ਰਹੀ ਹੈ। ਜਿਸ ਨੂੰ ਐੱਸ ਸੀ ਬੀ ਸੀ ਅਧਿਆਪਕ ਯੂਨੀਅਨ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ। ਲੋੜ ਪਈ ਤਾਂ ਸਬੰਧਤ ਅਧਿਕਾਰੀ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਲਈ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਤੱਕ ਪੁਹੰਚ ਕੀਤੀ ਜਾਵੇਗੀ ।ਇਸ ਸਮੇਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਜੱਟਪੁਰੀ,ਸਤਨਾਮ ਸਿੰਘ ਹਠੂਰ, ਬਲਦੇਵ ਮੁੱਲਾਂਪੁਰ,ਯਾਦਵਿੰਦਰ ਮੁਲਾਂਪੁਰ ਬਲੋਰ ਸਿੰਘ ਮੁੱਲਾਂਪੁਰ,ਆਦਿ ਹਾਜ਼ਰ ਸਨ ।