ਸਕਾਟਲੈਂਡ ਦੀ ਧਰਤੀ ‘ਤੇ ਸੱਭਿਆਚਾਰਕ ਸਰਗਰਮੀਆਂ ਦੀ ਲੜੀ ਤਹਿਤ ਪੰਜ ਦਰਿਆ ਯੂਕੇ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਗਾਇਕ ਪਰਵਿੰਦਰ ਮੂਧਲ ਦਾ ਗਾਇਆ ਗੀਤ “ਓਹਦੇ ਰੰਗ” ਲੋਕ ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਸ਼ਾਇਰ ਗਿੱਲ ਦੋਦਾ ਗਲਾਸਗੋ ਵੱਲੋਂ ਲਿਖਿਆ ਗਿਆ ਹੈ ਤੇ ਪੰਜ ਦਰਿਆ ਯੂਕੇ ਰਿਕਾਰਡਜ਼ ਦੇ ਬੈਨਰ ਹੇਠ ਰਿਲੀਜ ਹੋਏ ਇਸ ਗੀਤ ਦਾ ਸੰਗੀਤ ਸਿੱਧੂ ਸਾਹਿਬ ਤੇ ਟਰਿਪਲ ਐੱਸ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਨੂੰ ਰਿਲੀਜ਼ ਕਰਨ ਲਈ ਹੋਏ ਸਮਾਗਮ ਦੌਰਾਨ ਕਰਤਾਰ ਸਿੰਘ ਵਿਰੀਆ, ਰਾਣਾ ਦੁਸਾਂਝ, ਹਰਪਾਲ ਸਿੰਘ, ਜਰਮਨਜੀਤ ਸਿੰਘ ਆਦਿ ਬੁਲਾਰਿਆਂ ਨੇ ਬੋਲਦਿਆਂ ਜਿੱਥੇ ਗਿੱਲ ਦੋਦਾ ਗਲਾਸਗੋ ਦੀ ਲੇਖਣੀ ਦੀ ਤਾਰੀਫ ਕੀਤੀ ਉੱਥੇ ਗਾਇਕ ਪਰਵਿੰਦਰ ਮੂਧਲ ਦੀ ਦਮਦਾਰ ਆਵਾਜ਼ ਦੀ ਵੀ ਤਾਰੀਫ ਕਰਦਿਆਂ ਸ਼ਾਬਾਸ਼ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸਾਫ ਸੁਥਰੇ ਤੇ ਪਰਿਵਾਰਿਕ ਗੀਤ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ। ਉਹਨਾਂ ਹਾਜ਼ਰੀਨ ਨੂੰ ਕਿਹਾ ਕਿ ਜੇਕਰ ਅਸੀਂ ਸਾਡੇ ਸਮਾਜ ਵਿੱਚ ਸੁਚੱਜੀ ਗਾਇਕੀ ਤੇ ਲੇਖਣੀ ਨੂੰ ਉਤਸਾਹਿਤ ਕਰਨਾ ਹੈ ਤਾਂ ਅਜਿਹੇ ਗੀਤਾਂ ਨੂੰ ਪਿਆਰ ਕਰਨਾ ਸਾਡਾ ਫਰਜ਼ ਬਣਦਾ ਹੈ। ਪੰਜ ਦਰਿਆ ਯੂਕੇ ਦੇ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਗਾਇਕੀ ਦੇ ਬਾਰੇ ਵਿੱਚ ਆਏ ਨਿਘਾਰ ਬਾਰੇ ਬੇਬਾਕੀ ਨਾਲ ਬੋਲਿਆ ਜਾਂਦਾ ਰਿਹਾ ਹੈ। ਅਸੱਭਿਅਕ ਤੇ ਖਰੂਦਪਾਊ ਗਾਇਕੀ ਦੀ ਲਕੀਰ ਅੱਗੇ ਆਪਣੀ ਵੱਖਰੀ ਲਕੀਰ ਖਿੱਚਣ ਦੇ ਮਨਸ਼ੇ ਨਾਲ ਹੀ ਅਜਿਹੇ ਗੀਤਾਂ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਨ ਦਾ ਤਹੱਈਆ ਕੀਤਾ ਜਾ ਰਿਹਾ ਹੈ। ਧੰਨਵਾਦੀ ਭਾਸ਼ਣ ਦੌਰਾਨ ਸ਼ਾਇਰ ਗਿੱਲ ਦੋਦਾ ਗਲਾਸਗੋ ਨੇ ਕਿਹਾ ਕਿ ਉਹਨਾਂ ਦੀ ਇਸ ਕਿਰਤ ਨੂੰ ਹਾਜ਼ਰੀਨ ਵੱਲੋਂ ਸਲਾਹਿਆ ਜਾਣਾ ਉਹਨਾਂ ਦੀਆਂ ਜਿੰਮੇਵਾਰੀਆਂ ਵਿੱਚ ਹੋਰ ਵਾਧਾ ਕਰਦਾ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਚੰਗੀ ਸ਼ਬਦਾਵਲੀ ਵਾਲੇ ਗੀਤ ਪੇਸ਼ ਕਰਨ ਲਈ ਬਚਨਵੱਧ ਹੋਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੈਣੀ, ਸਵਰਨ ਸਿੰਘ ਕੈਂਥ, ਦਲਵੀਰ ਸਿੰਘ ਵਿਰਕ, ਕੁਲਵੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਗਾਇਕ ਪਰਵਿੰਦਰ ਮੂਧਲ ਦਾ ਗੀਤ “ਓਹਦੇ ਰੰਗ” ਲੋਕ ਅਰਪਣ ਕਰਨ ਹਿਤ ਸਮਾਗਮ ਹੋਇਆ
ਗਾਇਕ ਪਰਵਿੰਦਰ ਮੂਧਲ ਦਾ ਗੀਤ “ਓਹਦੇ ਰੰਗ” ਲੋਕ ਅਰਪਣ ਕਰਨ ਹਿਤ ਸਮਾਗਮ ਹੋਇਆ
ਸ਼ਾਇਰ ਗਿੱਲ ਦੋਦਾ ਗਲਾਸਗੋ ਦੀ ਰਚਨਾ ਹੈ ਉਕਤ ਗੀਤ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)