ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਪੰਜਾਬੀ ਸਾਹਿਤ ਸਭਾ (ਰਜਿ) ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਅਤੇ ਦਿੱਲੀ ਪਬਲਿਕ ਸਕੂਲ ਦੇ ਪੰਜਾਬੀ ਵਿਭਾਗ ਦੇ ਮੁੱਖੀ ੲ: ਸਤਿੰਦਰ ਸਿੰਘ ਓਠੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਆਪਣੇ ਵਿਦਿਆਰਥੀਆਂ ਵਿਚ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਮਹਾਂਪੁਰਸ਼ਾਂ ਦੇ ਜੀਵਨ ਨਾਲ ਸਬੰਧਤ ਦਿਨ ਦਿਹਾੜਿਆਂ ਨੂੰ ਮਨਾਉਣਾ ਆਪਣਾ ਮੁੱਢਲਾ ਫਰਜ਼ ਸਮਝਦਾ ਹੈ, ਇਸ ਮਕਸਦ ਦੇ ਨਾਲ ਅੰਮ੍ਰਿਤਸਰ ਦੇ ਬਾਨੀ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਵੇਰ ਦੀ ਇਕ ਵਿਸ਼ੇਸ਼ ਸਭਾ ਕੀਤੀ ਗਈ ਜਿਸ ਵਿਚ ਵਿਦਿਆਰਥੀਆਂ ਵੱਲੋਂ ਗੁਰੂ ਜੀ ਦੇ ਜੀਵਨ , ਬਾਣੀ ਤੇ ਸਿਖਿਆਵਾਂ ਨੂੰ ਪੇਸ਼ ਕੀਤਾ ਗਿਆ। ਪੰਜਾਬੀ ਵਿਭਾਗ ਵੱਲੋਂ ਕਰਵਾਈ ਗਈ ਸਭਾ ਦੀ ਸ਼ੁਰੂਆਤ ਗੁਰੂ ਜੀ ਦੀ ਅਗੰਮੀ ਬਾਣੀ ਦੇ ਗਾਇਨ ਨਾਲ ਕੀਤੀ ਗਈ। ਉਪਰੰਤ ਗੁਰੂ ਜੀ ਦੁਆਰਾ ਰਚਿਤ ਸ਼ਬਦ ਦੀ ਵਿਆਖਿਆ ਕੀਤੀ ਗਈ । ਬੱਚਿਆਂ ਨੇ ਮੂਲ ਮੰਤਰ ਦਾ ਜਾਪ ਵੀ ਕੀਤਾ। ਵਿਦਿਆਰਥੀਆਂ ਨੇ ਅੰਮ੍ਰਿਤਸਰ ਸਿਫ਼ਤੀ ਦਾ ਘਰ ਵਿਸ਼ੇ ‘ਤੇ ਭਾਸ਼ਣ ਤੇ ਕਵਿਤਾਵਾਂ ਦੁਆਰਾ ਗੁਰੂ ਨਗਰੀ ਦੀ ਪ੍ਰਸੰਸਾ ਕੀਤੀ । ਸਭਾ ਦੇ ਅਖੀਰ ਵਿੱਚ ਗੁਰੂ ਜੀ ਬਾਰੇ ਇੱਕ ਪ੍ਰਸ਼ਨੋਤਰੀ ਵੀ ਕਰਵਾਈ ਗਈ। ਇਸ ਮੌਕੇ ‘ਤੇ ਪ੍ਰਿੰਸੀਪਲ ਸ੍ਰੀ ਕਮਲ ਚੰਦ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦਾ ਸਮੁੱਚਾ ਜੀਵਨ ਪ੍ਰੇਰਨਾ ਭਰਪੂਰ ਹੋਣ ਕਰਕੇ ਸਾਨੂੰ ਉਨ੍ਹਾਂ ਦੇ ਜੀਵਨ ਅਤੇ ਉਪਦੇਸ਼ ਤੋਂ ਸਿੱਖਿਆ ਲੈ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਸ ਸਭਾ ਵਿੱਚ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਸ਼ਾਮਲ ਸਨ।
Boota Singh Basi
President & Chief Editor