ਗਿੱਦੜਬਾਹਾ ਤੋਂ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਹੋਣ ਵਾਲੀ ਇਤਿਹਾਸਕ ਜਿੱਤ ਪੰਜਾਬ ਵਿੱਚ ਨਵੀਂ ਤਬਦੀਲੀ ਲਿਆਵੇਗੀ : ਗਰਚਾ
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ, ( ) :
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਦੜਵਾਹਾ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ, ਹਲਕੇ ਦੇ ਲੋਕ ਆਪਣੇ ਹੱਕਾਂ ਤੇ ਹਿੱਤਾ ਨੂੰ ਸੁਰੱਖਿਅਤ ਕਰਨ ਲਈ ਭਾਜਪਾ ਨੂੰ ਜਿਤਾਉਣਗੇ। ਗਰਚਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਬੇਦਾਗ ਸਖਸ਼ੀਅਤ ਦੇ ਮਾਲਿਕ ਹਨ, ਉਹ 1995 ਦੀ ਜਿੱਤ ਵਾਲਾ ਇਤਿਹਾਸ ਮੁੜ ਦੁਹਰਾਉਣਗੇ। ਜ਼ਿਕਰਯੋਗ ਹੈ ਕਿ 1995 ਵਿੱਚ ਮਨਪ੍ਰੀਤ ਬਾਦਲ ਨੇ ਪਹਿਲੀ ਵਾਰ ਗਿੱਦੜਵਾਹਾ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਕੇ ਨਵਾਂ ਇਤਿਹਾਸ ਰਚਿਆ ਸੀ, ਕਿਉਂਕਿ ਉਸ ਵੇਲੇ ਕਾਂਗਰਸ ਦੇ ਮੁੱਖਮੰਤਰੀ ਬੇਅੰਤ ਸਿੰਘ ਨੇ ਸਾਰੇ ਸਰਕਾਰੀ ਤੰਤਰ ਸਮੇਤ ਗਿੱਦੜਬਾਹਾ ਵਿੱਚ ਡੇਰੇ ਲਾਕੇ ਚੋਣ ਮੁਹਿੰਮ ਦੀ ਅਗਵਾਈ ਕੀਤੀ ਸੀ । ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਸੀ। ਇਸ ਵਾਰ ਫ਼ੇਰ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਦੇ ਅਗਾਜ਼ ਨਾਲ ਸੂਬੇ ਵਿੱਚ ਨਵੀਂ ਤਬਦੀਲੀ ਦਾ ਮੁੱਢ ਬਨ੍ਹਿਆ ਜਾਵੇਗਾ। ਗਰਚਾ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਭਾਜਪਾ ਇੱਕਮੁੱਠ ਹੋ ਕੇ 2027 ਦੇ ਸੈਮੀਫਾਈਨਲ ਵਜੋਂ ਲੜੇਗੀ ਅਤੇ ਅਪਣੀ ਜਿੱਤ ਦਾ ਮੁੱਢ ਬੰਨ੍ਹੇਗੀ। ਅੱਜ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ ਅਤੇ ਉਨ੍ਹਾਂ ਦੇ ਪੱਲੇ ਹਰ ਪਾਰਟੀ ਨੇ ਨਿਰਾਸ਼ਾ ਹੀ ਪਾਈ ਹੈ ਇਸ ਲਈ ਹੁਣ ਲੋਕ ਭਾਜਪਾ ਨੂੰ ਇੱਕ ਮੌਕਾ ਜ਼ਰੂਰ ਦੇਣਗੇ।