ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਵਿਖੇ ਚਾਰ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਹੋਏ ਵਿਸ਼ੇਸ਼ ਸਮਾਗਮ

0
99
ਸ. ਸਰਬਜੀਤ ਸਿੰਘ ਸਰਾਂ ਅਤੇ ਸੰਗਤਾਂ ਵਧਾਈ ਦੇ ਪਾਤਰ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਸਿੱਖ ਭਾਈਚਾਰੇ ਨੇ ਆਪਣੀ ਮਿਹਨਤ, ਭਾਈਚਾਰਕ ਅਤੇ ਸਮਾਜਿਕ ਸੇਵਾਵਾਂ ਕਰਕੇ ਆਪਣੀ ਪਹਿਚਾਣ ਦੁਨੀਆਂ ਵਿੱਚ ਬਣਾਈ ਹੈ।  ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਜਿੱਥੇ ਆਪਣੇ ਜੀਵਨ ਪੱਧਰ ਨੂੰ ਖੁਸ਼ਹਾਲ ਬਣਾਉਣ ਲਈ ਮਿਹਨਤਾਂ ਕੀਤੀਆਂ, ਉੱਥੇ ਪੰਜਾਬੀ ਬੋਲੀ ਅਤੇ ਸਿੱਖ ਧਰਮ ਦੀ ਵਿਦੇਸ਼ਾਂ ਵਿੱਚ ਪ੍ਰਫੁੱਲਤਾ ਲਈ ਵੀ ਵਡਮੁੱਲਾ ਯੋਗਦਾਨ ਪਾਇਆ। ਇੱਥੋ ਦੇ ਸਕੂਲਾਂ ਵਿੱਚ ਪੰਜਾਬੀ ਦੇ ਵਿਸ਼ੇ ਦੀ ਪੜਾਈ ਅਤੇ ਸਿੱਖ ਇਤਿਹਾਸ ਪੜਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਬੇਸੱਕ ਭਾਰਤ, ਖਾਸਕਰ ਪੰਜਾਬ ਦੇ ਬੱਚਿਆਂ ਨੂੰ ਇਤਿਹਾਸ ਪੂਰੀ ਤਰਾਂ ਨਾ ਪਤਾ ਹੋਵੇ, ਪਰ ਇੱਥੋ ਦੇ ਬੱਚੇ ਸਿੱਖ ਇਤਿਹਾਸ ਤੋਂ ਭਲੀਭਾਤ ਜਾਣੂ ਹਨ। ਜਿਸ ਵਿੱਚ ਗੁਰੂਘਰਾਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਦਾ ਵੀ ਵਡਮੁੱਲਾ ਯੋਗਦਾਨ ਹੈ।
ਸਿੱਖ ਇਤਿਹਾਸ ਵਿੱਚ ਚੱਲ ਰਹੇ ਦਸੰਬਰ ਮਹੀਨੇ ਦੇ ਆਖਰੀ ਦਿਨ ਬਹੁਤ ਮਹੱਤਵਪੂਰਨ ਹਨ। ਇੰਨਾਂ ਹੀ ਦਿਨਾਂ ਵਿੱਚ ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁੱਜਰੀ ਜੀ ਅਤੇ ਹੋਰ ਅਨੇਕਾਂ ਸਿੱਖਾ ਨੇ ਧਰਮ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸੇ ਇਤਿਹਾਸਕ ਸਮੇਂ ਨੂੰ ਯਾਦ ਕਰਦੇ ਹੋਏ ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕਰਮਨ ਨਿਵਾਸੀ ਸ. ਸਰਬਜੀਤ ਸਿੰਘ ਸਰਾਂ ਅਤੇ ਸੰਗਤਾਂ ਨੇ ਗੁਰਦੁਆਰਾ ਅਨੰਦਗੜ ਸਾਹਿਬ ਕਰਮਨ ਵਿਖੇ ਵਿਸ਼ੇਸ਼ ਸਮਾਗਮ ਕਰਵਾਏ। ਇਸ ਪ੍ਰੋਗਰਾਮ ਵਿੱਚ ਗੁਰੂਘਰ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸੇ ਦੌਰਾਨ ਤਿੰਨੇ ਦਿਨ ਗੁਰੂਘਰ ਵਿਖੇ ਗੁਰਬਾਣੀ-ਕੀਰਤਨ ਅਤੇ ਢਾਡੀ ਦਰਬਾਰ ਸਜਾਇਆ ਗਿਆਂ। ਜਿਸ ਵਿੱਚ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਗਿਆ।
ਇੰਨਾਂ ਸ਼ਹੀਦੀ ਸਮਾਗਮਾਂ ਦੀ ਸਮਾਪਤੀ ਸਮੇਂ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਦੇ ਭਾਈ ਬਲਜਿੰਦਰ ਸਿੰਘ ਅਤੇ ਭਾਈ ਨਰਿੰਦਰ ਸਿੰਘ ਨੇ ਨਿਰੋਲ ਗੁਰਬਾਣੀ ਕੀਰਤਨ ਰਾਹੀਂ ਹਾਜ਼ਰੀ ਭਰਦੇ ਹੋਏ ਸਿੱਖ ਇਤਿਹਾਸ ਸਰਵਣ ਕਰਵਾਇਆ। ਇਸ ਉਪਰੰਤ ਚੱਲੇ ਢਾਡੀ ਦਰਬਾਰ ਵਿੱਚ ਇੰਟਰਨੈਸ਼ਨਲ ਗੋਲਡ ਮੈਡਲਿਸਟ ਗਿਆਨੀ ਇੰਦਰਜੀਤ ਸਿੰਘ ਸ਼ੇਰਗਿੱਲ ਜਮਸ਼ੇਰ ਦੇ ਢਾਡੀ ਜੱਥੇ ਨੇ ਹਾਜ਼ਰੀ ਭਰੀ। ਜਿਸ ਵਿੱਚ ਜੰਡਿਆਲਾ ਮੰਜਕੀ ਵਾਲੇ ਸਕੇ ਭਰਾਵਾਂ ਦਾ ਢਾਡੀ ਜੱਥਾ ਸਾਰੰਗੀ ਵਾਦਕ ਹਰਪਾਲ ਸਿੰਘ ਪਾਲ, ਢਾਡੀ ਰਾਜਵਿੰਦਰ ਸਿੰਘ ਰਾਜ, ਢਾਡੀ ਰਣਜੀਤ ਸਿੰਘ ਰਾਣਾ ਆਦਿਕ ਨੇ ਹਾਜ਼ਰੀ ਭਰੀ। ਇਸ ਸਮੇਂ ਢਾਡੀ ਜੱਥੇ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਸੰਗ ਛੋਟੀ ਉਮਰੇ ਵੱਡੀਆਂ ਕੁਰਬਾਨੀਆਂ ਬੜੇ ਵਿਸਥਾਰ ਅਤੇ ਜ਼ਜ਼ਬੇ ਨਾਲ ਸੁਣਾਇਆ ਕਿ ਇਤਿਹਾਸ ਸੁਣ ਰਹੀਆਂ ਸੰਗਤਾਂ ਦੀਆਂ ਅੱਖਾਂ ਨਮ ਦਿਖ ਰਹੀਆਂ ਸਨ। ਢਾਡੀ ਜੱਥਾਂ ਹਾਜ਼ਰ ਸੰਗਤਾਂ ਨੂੰ ਇਤਿਹਾਸ ਸੁਣਾਉਂਦੇ ਹੋਏ ਬੜੀ ਸੂਝ ਨਾਲ ਇਸ ਤਰਾਂ ਤੋਰ ਰਿਹਾ ਸੀ ਕਿ ਸੰਗਤਾਂ ਉਸ ਸਮੇਂ ਦੇ ਹਲਾਤਾ ਨੂੰ ਮਹਿਸੂਸ ਕਰ ਰਹੀਆਂ ਸਨ। ਸੰਗਤਾਂ ਦੇ ਮੂੰਹੋ ਆਪ-ਮੁਹਾਰੇ ਨਿਕਲ ਰਿਹਾ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਉੱਨਾਂ ਦੇ ਲਾਲ। ਇਸ ਸਮੇਂ ਸੰਗਤਾਂ ਵੱਲੋਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਵੀ ਗਜਾਏ ਗਏ।
ਸਮੁੱਚੇ ਪ੍ਰੋਗਰਾਮ ਵਿੱਚ ਕਰਮਨ ਸ਼ਹਿਰ ਅਤੇ ਹੋਰ ਦੂਰ-ਦੂਰਾਡੇ ਤੋਂ ਸੰਗਤਾਂ ਨੇ ਪਹੁੰਚ ਕੇ ਹਾਜ਼ਰੀਆਂ ਭਰੀਆ। ਜਿਸ ਦੌਰਾਨ ਤਿੰਨੇ ਦਿਨ ਗੁਰੂ ਦੇ ਲੰਗਰ ਅਤੁੱਟ ਵਰਤੇ। ਆਪਣੀ ਨਵੀਂ ਪੀੜੀ ਦੇ ਬੱਚਿਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਲੋਕਾਂ ਨੂੰ ਦੁਨੀਆਂ ਦੇ ਸਭ ਤੋਂ ਵੱਧ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਇਹੋ ਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਇਸ ਤਿੰਨ ਦਿਨਾਂ ਢਾਡੀ ਦਰਬਾਰ ਅਤੇ ਗੁਰਬਾਣੀ ਕੀਰਤਨ ਦਾ ਬਹੁਤ ਵਧੀਆਂ ਪ੍ਰੋਗਰਾਮ ਉਲੀਕਣ ਲਈ ਸ. ਸਰਬਜੀਤ ਸਿੰਘ ਸਰਾਂ ਅਤੇ ਸਮੂੰਹ ਸੰਗਤਾਂ ਵਧਾਈ ਦਾ ਪਾਤਰ ਹਨ।

LEAVE A REPLY

Please enter your comment!
Please enter your name here