ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਨਗਰ ਕੀਰਤਨ ਦੌਰਾਨ ਚਮਕਿਆ ਖਾਲਸਾਈ ਰੰਗ

0
29
ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਨਗਰ ਕੀਰਤਨ ਦੌਰਾਨ ਚਮਕਿਆ ਖਾਲਸਾਈ ਰੰਗ

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਵਲੋਂ ਸਜਾਏ ਨਗਰ ਕੀਰਤਨ ਦੌਰਾਨ ਚਮਕਿਆ ਖਾਲਸਾਈ ਰੰਗ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):-  ਦਮਦਮੀਂ ਟਕਸਾਲ ਜੱਥਾ ਭਿੰਭਰਾਂ, ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆ ਦੀ ਰਹਿਨੁਮਾਈ ਅਧੀਨ ਚਲਾਏ ਜਾ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ, ਕੈਲੇਫੋਰਨੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਤ 15 ਵਾਂ ਸਲਾਨਾ ਨਗਰ ਕੀਰਤਨ ਕਰਵਾਇਆ ਗਿਆ। ਜਿਸ ਦੌਰਾਨ ਗੁਰੂਘਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨਾਂ ਵਿੱਚ ਹਜ਼ੂਰੀ ਰਾਗੀ ਭਾਈ ਰਣਜੀਤ ਸਿੰਘ ਦੇ ਜੱਥੇ ਨੇ ਹਾਜ਼ਰੀ ਭਰੀ। ਇਸ ਉਪਰੰਤ ਕਥਾ ਬਾਬਾ ਬੰਤਾ ਸਿੰਘ ਵੱਲੋਂ ਕੀਤੀ ਗਈ। ਜਦ ਕਿ ਗਿਆਨੀ ਜੋਬਨ ਸਿੰਘ ਦਮਦਮੀ ਟਕਸਾਲ, ਗਿਆਨੀ ਦਲੀਪ ਸਿੰਘ ਦਮਦਮੀ ਟਕਸਾਲ ਆਦਿਕ ਹਾਜ਼ਰ ਬਹੁਤ ਸਾਰੇ ਕੀਰਤਨੀ ਜੱਥਿਆ ਅਤੇ ਕਥਾਕਾਰਾਂ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਨਾਲ ਨਿਹਾਲ ਕੀਤਾ। ਗੁਰੂਘਰ ਦੇ ਬਾਹਰ ਨਗਰ ਕੀਰਤਨ ਵਿੱਚ ਸਾਮਲ ਸੰਗਤਾਂ ਕੇਸ਼ਰੀ, ਨੀਲੀਆਂ, ਹਰੀਆਂ, ਪੀਲੀਆਂ ਅਤੇ ਹੋਰ ਬਹੁਤ ਰੰਗਾ ਦੇ ਨਜ਼ਾਰੇ  ਪੇਸ਼ ਕਰਦੀਆਂ ਦਸਤਾਰਾ ਅਤੇ ਦੁਪੱਟਿਆ ਨੇ ਜਿਵੇਂ ਸਾਰੇ ਫਰਿਜ਼ਨੋ ਸ਼ਹਿਰ ਨੂੰ ਹੀ ਖਾਲਸਾਈ ਰੰਗ ਵਿੱਚ ਰੰਗ ਦਿੱਤਾ ਹੋਵੇ।
                   ਬੱਚਿਆ ਦੇ ਗੱਤਕਾ ਗਰੁੱਪਾ ਦੁਆਰਾ ਆਪਣੀ ਇਸ ਕਲਾ ਦਾ ਖੁਲ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਦੇ ਮੈਂਬਰਾਂ ਦੁਆਰਾ ਫਰੀ ਦਸਤਾਰ ਕੈਂਪ ਲਾਇਆ ਹੋਇਆ ਸੀ। ਵੱਖ-ਵੱਖ ਵਿਉਪਾਰਕ ਅਦਾਰਿਆਂ ਵੱਲੋਂ ਆਪਣੇ ਬੂਥ ਵੀ ਲੱਗੇ ਹੋਏ ਸਨ। ਦੁਕਾਨਦਾਰਾ ਵੱਲੋਂ ਅਨੇਕਾ ਦੁਕਾਨਾਂ ਸੰਗਤਾ ਲਈ ਖਿੱਚ ਦਾ ਕੇਂਦਰ ਬਣ ਰਹੀਆਂ ਸਨ। ਲਾਉਡ ਸਪੀਕਰਾਂ ਵਿੱਚ ਗੂੰਜਦੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਜਿਵੇਂ ਅਸਮਾਨ ਗੂੰਜ ਰਿਹਾ ਸੀ।
                 ਨਗਰ ਕੀਰਤਨ ਦੀ ਸੁਰੂਆਤ ਵਿੱਚ  ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਸਭ ਤੋਂ ਮੂਹਰੇ ਨਗਾਰਾ ਫਿਰ ਅਮੈਰੀਕਨ ਝੰਡਾ, ਕੈਲੀਫੋਰਨੀਆਂ ਦਾ ਝੰਡਾ ਅਤੇ ਖਾਲਸੇ ਦਾ ਕੇਸ਼ਰੀ ਨਿਸ਼ਾਨ ਸਾਹਿਬ ਦੁਆਰਾ ਅਗਵਾਈ ਕਰਦੇ ਹੋਏ ਪੰਜ ਪਿਆਰੇ ਕਰ ਰਹੇ ਸਨ। ਖੂਬਸੂਰਤ ਤਰੀਕੇ ਨਾਲ ਸਜੇ ਫਲੋਟ ਉਪਰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਪਾਲਕੀ ਵਿੱਚ ਸ਼ਸੋਭਿਤ ਸਨ। ਪੰਜ ਪਿਆਰੇ ਅਤੇ ਨਿਸਾਨਚੀ ਸਿੰਘ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ। ਸੰਗਤਾਂ ਭਾਰੀ ਉਤਸਾਹ ਅਤੇ ਸਰਧਾ ਨਾਲ ਪਾਲਕੀ ਸਾਹਿਬ ਦੇ ਪਿਛੇ ਪੈਦਲ ਸਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਜਿਸ ਬਾਅਦ ਫਲੋਟ ਚਲ ਰਹੇ ਸਨ। ਸਥਾਨਿਕ ਗਤਕਾ ਦਲ ਦੇ ਸਿੰਘਾ ਦੇ  ਜਬਰਦਸਤ ਗੱਤਕੇ ਦੇ ਜੌਹਰ ਵੀ ਵੇਖਣ ਯੋਗ ਸਨ।
                        ਇਸ ਸਮੇਂ ਗੁਰੂਘਰ ਦੁਆਰਾ ਚਲਾਏ ਜਾ ਰਹੇ ਪੰਜਾਬੀ ਸਕੂਲ ਦਾ ਫਲੋਟ ਤਸਵੀਰਾਂ ਅਤੇ ਵੱਖ ਸ਼ਬਦਾਂ ਰਾਹੀਂ ਬੱਚਿਆਂ ਨੂੰ ਗੁਰਮਿਤ ਨਾਲ ਜੋੜਨ ਅਤੇ ਪੰਜਾਬੀ ਸਿੱਖਣ ਦਾ ਸੁਨੇਹਾ ਦੇ ਰਿਹਾ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਜਾਏ ਗਏ ਫਲੋਟ ਨਗਰ ਕੀਰਤਨ ਦੀ ਸੋਭਾ ਵਧਾ ਰਹੇ ਸਨ। ਨਗਰ ਕੀਰਤਨ ਲਈ ਫਲੋਟਾਂ ਦੀ ਸੇਵਾ ਵਿੱਚ ਵਿਸਟਰਨ ਟਰੱਕ ਐਂਡ ਟ੍ਰੇਲਰ ਵਾਲੇ ਮਿੰਟੂ ਉੱਪਲੀ ਅਤੇ ਭਿੰਦਾ ਗਿੱਲ ਵੱਲੋਂ ਸ਼ਾਨਦਾਰ ਸੇਵਾਵਾ ਨਿਭਾਈਆਂ ਗਈਆਂ। ਇਸ ਸਮੇਂ ਗੁਰੂਘਰ ਅਤੇ ਹੋਰ ਵੱਖ-ਵੱਖ ਸੰਸਥਾਵਾ ਵੱਲੋਂ ਗੁਰੂ ਦੇ ਲੰਗਰ ਅਤੁੱਟ ਭੰਡਾਰ ਵਰਤੇ।
                   ਨਗਰ ਕੀਰਤਨ ਫਾਊਲਰ ਸ਼ਹਿਰ ਦੇ ਮਿੱਥੇ ਰੂਟ ਨੂੰ ਤਹਿ ਕਰਦਾ ਹੋਇਆ ਕੁਝ ਸਮੇਂ ਲਈ ਫਾਊਲਰ ਸ਼ਹਿਰ ਪਾਰਕ ਵਿੱਚ ਰੁਕਿਆ। ਜਿੱਥੇ ਸ਼ਟੇਜ ਤੋਂ ਬਹੁਤ ਸਾਰੇ ਧਰਮ ਪ੍ਰਚਾਰਕਾਂ, ਕਵੀਸ਼ਰਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਨ ਕਰਵਾਇਆ। ਜਿਸ ਦੌਰਾਨ ਬੁਲਾਰਿਆਂ ਵਿੱਚ ਸਿਟੀ ਮੇਅਰ ਡੈਨੀਅਲ ਪਾਰਾ, ਭਾਈ ਤਰਸੇਮ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਹਰਪ੍ਰੀਤ ਸਿੰਘ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਚੜਦੀਕਲਾ ਦਾ ਸੁਨੇਹਾ ਦਿੱਤਾ। ਜਦ ਕਿ ਭਾਈ ਜਗਰੂਪ ਸਿੰਘ ਨੇ ਸਮੂੰਹ ਸੰਗਤਾਂ ਦਾ ਇਸ ਨਗਰ ਕੀਰਤਨ ਵਿੱਚ ਆਉਣ ਅਤੇ ਸੇਵਾਵਾ ਨਿਭਾਉਣ ਲਈ ਧੰਨਵਾਦ ਕੀਤਾ। ਸਟੇਜ਼ ਸੰਚਾਲਨ ਦੀ ਸੇਵਾ ਭਾਈ ਰਾਜ ਸਿੰਘ ਬਦੇਸਾਂ ਨੇ ਹਮੇਸ਼ਾ ਦੀ ਤਰਾਂ ਬਾਖੂਬੀ ਪੰਥਕ ਮੁੱਦਿਆਂ ‘ਤੇ ਗੱਲ ਕਰਦੇ ਹੋਏ ਨਿਭਾਈ।  ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ, ਗੁਰਿੰਦਰਜੀਤ ਨੀਟਾ ਮਾਛੀਕੇ, ਪ੍ਰੋ. ਗੁਰਮਿੰਦਰ ਸਿੰਘ ਸੰਘਾਂ, ਨਰਿੰਦਰ ਸਹੋਤਾ ਅਤੇ ਖਾਲਸਾ ਕਮਿਊਨਟੀਂ ਸੈਂਟਰ ਨੂੰ ਸਨਮਾਨ ਦਿੱਤਾ ਗਿਆ। ਜਦ ਕਿ ਬੀਬੀ ਪ੍ਰਭਲੀਨ ਕੌਰ ਅਤੇ ਭਾਈ ਗੁਰਬੀਰ ਸਿੰਘ ਨੇ ਇਸ ਸੰਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ।
               ਇੱਥੇ ਵੀ ਵੱਖ-ਲੰਗਰਾਂ ਦੇ ਸਟਾਲ ਲੱਗੇ ਹੋਏ ਸਨ। ਇਸ ਪਾਰਕ ਦੇ ਪੜਾਅ ਦੀ ਸਮਾਪਤੀ ਦੇ ਉਪਰੰਤ ਨਗਰ ਕੀਰਤਨ ਵਾਪਸ ਗੁਰੂਘਰ ਪਹੁੰਚ ਸਮਾਪਤ ਹੋਇਆ। ਅੰਤ  ਆਪਣੀਆਂ ਅਮਿੱਟ ਪੈੜਾ ਛੱਡਦਾ ਨਗਰ ਕੀਰਤਨ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆ।
ਫੋਟੋ: ਨਗਰ ਕੀਰਤਨ ਦੀ ਅਲੌਕਿਕ ਦ੍ਰਿਸ਼।

LEAVE A REPLY

Please enter your comment!
Please enter your name here