ਗੁਰਦੁਆਰਾ ਲੰਗਰ ਸਾਹਿਬ ਨੰਦੇੜ ਦੇ ਬਾਨੀ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ 4 ਅਗਸਤ ਨੂੰ ਸ਼ਰਧਾ ਭਾਵਨਾ ਨਾਲ ਮਨਾਏ ਜਾਣਗੇ- ਬਾਵਾ ਗੁਰਦੀਪ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਜੁਲਾਈ
ਗੁਰਦੁਆਰਾ ਲੰਗਰ ਸਾਹਿਬ ਨੰਦੇੜ ਮਹਾਂਰਾਸ਼ਟਰ ਵਿਖੇ ਗੁਰਦੁਆਰਾ ਲੰਗਰ ਸਾਹਿਬ ਦੇ ਬਾਨੀ ਮਹਾਂਪੁਰਸ਼ਾਂ ਸੰਤ ਬਾਬਾ ਨਿਧਾਨ ਸਿੰਘ ਜੀ,ਸੰਤ ਬਾਬਾ ਹਰਨਾਮ ਸਿੰਘ ਜੀ,ਸੰਤ ਬਾਬਾ ਆਤਮਾ ਸਿੰਘ ਜੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ 4 ਅਗਸਤ ਦਿਨ ਐਤਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ। ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਸਾਹਿਬ ਨੰਦੇੜ (ਮਹਾਂਰਾਸ਼ਟਰ) ਵਲੋਂ ਸੰਗਤਾਂ ਦੀ ਜਾਣਕਾਰੀ ਲਈ ਇਹ ਸੰਦੇਸ਼ ਦਿੱਤਾ ਗਿਆ ਹੈ। ਬਰਸੀ ਸਮਾਗਮਾਂ ਦੌਰਾਨ 4 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਇਸ ਮੌਕੇ ਪੁੱਜੇ ਸੰਤ ਮਹਾਂਪੁਰਸ਼, ਕੀਰਤਨੀ ਜਥੇ,ਰਾਗੀ ਜਥੇ,ਢਾਡੀ ਜਥੇ ਅਤੇ ਕਵੀਸ਼ਰੀ ਜਥੇ ਆਈਆਂ ਸੰਗਤਾਂ ਨਾਲ ਗੁਰੂ ਦੀ ਸਾਂਝ ਪਾਉਣਗੇ। ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਵੀ ਆਪਣੇ ਅਣਮੁੱਲੇ ਵਿਚਾਰਾਂ ਦੀ ਸਾਂਝ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।ਸ਼੍ਰੀ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੋਵੇਗਾ,ਜਿਨਾਂ ਗੁਰੂ ਕੇ ਪਿਆਰਿਆਂ ਨੇ ਹੁਣ ਤੱਕ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਨਹੀਂ ਕੀਤੀ ਉਹ ਵੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ।ਅੰਮ੍ਰਿਤ ਸੰਚਾਰ ਸਮੇਂ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣਗੇ ਅਤੇ ਆਪਣੇ ਕਰ ਕਮਲਾਂ ਦੇ ਨਾਲ ਸੰਗਤਾਂ ਨੂੰ ਪਾਹੁਲ ਦੇਣਗੇ।ਇਹਨਾਂ ਸਮਾਗਮਾਂ ਵਿੱਚ ਲੰਗਰ ਅਤੁੱਟ ਵਰਤੇਗਾ ਤੇ ਠੰਡੇ ਮਿੱਠੇ ਜਲ ਦੀ ਛਬੀਲ ਨਾਲ ਸੰਗਤਾਂ ਦੀ ਸੇਵਾ ਕੀਤੀ ਜਾਵੇਗੀ।ਬਾਵਾ ਗੁਰਦੀਪ ਸਿੰਘ ਜੀ ਅੰਮ੍ਰਿਤਸਰ ਵਲੋਂ ਸੰਗਤਾਂ ਪ੍ਰਤੀ ਬੇਨਤੀ ਕੀਤੀ ਗਈ ਹੈ ਕਿ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰਨ।