ਪੁਰਾਤਨ ਮਰਿਆਦਾ ਅਨੁਸਾਰ 25 ਸਿੰਘਾਂ ਵੱਲੋਂ ਨਿਭਾਈ ਗਈ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਸੇਵਾ
ਮਿਲਾਨ (ਦਲਜੀਤ ਮੱਕੜ) ਇਟਲੀ ਦੇ ਜਿਲਾ ਵਿਚੈਂਸਾ ਵਿੱਚ ਪੈਂਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਾਸਤੇਲਗੌਂਬੇਰਤੋ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੰਪੂਰਤਾ ਦਿਵਸ ਅਤੇ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਵਾਲੇ, ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰਬਾਣੀ ਅਤੇ ਕਥਾ ਕੀਰਤਨ ਸਰਵਣ ਕੀਤਾ। ਇਹਨਾਂ ਪਾਵਨ ਦਿਹਾੜਿਆਂ ਤੇ ਸ਼ੁੱਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਆਰੰਭ ਕਰਵਾਏ ਗਏ। ਜਿਹਨਾਂ ਦੀ ਸੇਵਾ ਪੁਰਾਤਨ ਮਰਿਆਦਾ ਅਨੁਸਾਰ 25 ਸਿੰਘਾਂ ਵੱਲੋਂ ਨਿਭਾਈ ਗਈ ।ਐਤਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵੱਖ ਵੱਖ ਰਾਗੀ, ਕਥਾਵਾਚਕਾਂ ਦੁਆਰਾ ਸੰਗਤਾਂ ਨੂੰ ਸਿੱਖ ਕੌਮ ਦਾ ਮਹਾਨ ਤੇ ਗੌਰਵਮਈ ਇਤਿਹਾਸ ਸਰਵਣ ਕਰਵਾਉਂਦੇ ਹੋਏ ਹਾਜ਼ਰੀਆਂ ਭਰਦੇ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿਚ ਆਕੇ ਅਰਦਾਸ ਬੇਨਤੀ ਕਰਨ ਵਾਲ਼ਿਆਂ ਹਰ ਮਨ੍ਹ ਕਾਮਨਾ ਗੁਰੂ ਸਾਹਿਬ ਆਪ ਪੂਰੀ ਕਰਦੇ ਹਨ ਅਤੇ ਭਗਤਾਂ ਦੇ ਦੁੱਖ ਸੁੱਖ ਵਿਚ ਆਪ ਸੁਹਾਈ ਹੁੰਦੇ ਹਨ । ਇਸ ਮੌਕੇ ਗੁਰੂ ਦਾ ਲੰਗਰ ਅਤੱੁਟ ਵਰਤਾਇਆ ਗਿਆ । ਇਸ ਮੌਕੇ ਪੰਜਾਬ ਵਿੱਚਲੇ ਹੜ ਪੀੜਤਾ ਲਈ ਵੀ ਅਰਦਾਸ ਕੀਤੀ ਗਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱੱਲੋਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆਂ ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਸੇਵਾ ਨਿਭਾਉਣ ਵਾਲੇ 25 ਸਿੰਘਾਂ ਨੂੰ ਸਿਰੋਪਾੳ ਭੇਂਟ ਕੀਤਾ ਅਤੇ ਹੋਰਨਾਂ ਸਿੰਘਾਂ ਅਤੇ ਪ੍ਰਬੰਧਕ ਕਮੇਟੀਆਂ ਦਾ ਵੀ ਸਨਮਾਨ ਕੀਤਾ।