( ਚੰਡੀਗੜ੍ਹ ਸਾਂਝੀ ਸੋਚ ਬਿਊਰੋ ) -ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਗਸਤ ਨੂੰ ਮੋਹਾਲੀ ਫੇਰੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ। ਉਸ ਨੇ ਵੀਡੀਓ ਵਿਚ ਕਿਹਾ ਕਿ ਪਹਿਲਾਂ ਵੀ ਅਸੀਂ ਪੰਜਾਬ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਪਸ ਮੋੜਿਆ ਸੀ, ਇਸ ਵਾਰ ਵੀ ਪ੍ਰਧਾਨ ਮੰਤਰੀ ਨੂੰ ਵਾਪਸ ਮੋੜਾਂਗੇ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਪੰਜਾਬ ‘ਚ ਰੈਫਰੈਂਡਮ ਕਰਵਾਉਣਗੇ, ਸਾਡੇ ਵਰਕਰ ਪੰਜਾਬ ਮੋਹਾਲੀ ਪਹੁੰਚ ਚੁੱਕੇ ਹਨ। ਪੰਨੂ ਦੀ ਇਸ ਧਮਕੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ 24 ਅਗਸਤ ਨੂੰ ਮੁੱਲਾਂਪੁਰ (ਨਿਊ ਚੰਡੀਗੜ੍ਹ) ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਚੌਕਸ ਕਰਦੇ ਹੋਏ ਸੂਬੇ ਵਿੱਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਕੌਮੀ ਜਾਂਚ ਏਜੰਸੀ ਨੇ ਵੀ ਗੈਂਗਸਟਰ ਤੇ ਅਤਿਵਾਦੀਆਂ ਦਰਮਿਆਨ ਬਣੇ ਤਾਲਮੇਲ ’ਤੇ ਨਿਗ੍ਹਾ ਰੱਖੀ ਹੋਈ ਹੈ। ਸੁਰੱਖਿਆ ਟੀਮਾਂ ਨੇ ਬੱਸ ਅੱਡਿਆਂ ਤੇ ਹੋਰ ਸੰਵੇਦਨਸ਼ੀਲ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਵੀ ਚਲਾਈ ਹੋਈ ਹੈ। ਰੇਲਵੇ ਸਟੇਸ਼ਨ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਨੇ ਸੂਬੇ ਵਿੱਚ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਜ਼ਰਸਾਨੀ ਵਧਾ ਦਿੱਤੀ ਹੈ ਤੇ ਨਾਕੇ ਵੀ ਵਧਾ ਦਿੱਤੇ ਗਏ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਤੋਂ ਪਹਿਲਾਂ ਆਖ਼ਰੀ ਦਫ਼ਾ 14 ਫਰਵਰੀ ਨੂੰ ਜਲੰਧਰ ਆਏ ਸਨ। ਉਸ ਤੋਂ ਪਹਿਲਾਂ 5 ਜਨਵਰੀ 2022 ਨੂੰ ਫ਼ਿਰੋਜ਼ਪੁਰ ਦੌਰੇ ’ਤੇ ਆਏ ਸਨ ਪਰ ਸੜਕੀ ਜਾਮ ਕਰਕੇ ਰਸਤੇ ’ਚੋਂ ਹੀ ਵਾਪਸ ਹੋ ਗਏ ਸਨ। ਉਧਰ, ਕੇਂਦਰੀ ਖ਼ੁਫ਼ੀਆ ਏਜੰਸੀ ਨੇ ਹਾਲ ਹੀ ਵਿਚ ਪੰਜਾਬ ਦੇ ਕੁਝ ਕਾਂਗਰਸੀ ਨੇਤਾਵਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਪੰਜਾਬ ਪੁਲਿਸ ਵੱਲੋਂ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕਈ ਆਗੂਆਂ ਤੋਂ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਵੀ ਲਈ ਗਈ ਸੀ। ਐਤਕੀਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਚਾਰ ਅਤਿਵਾਦੀ ਵੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਦੇ ਵਿਦੇਸ਼ਾਂ ਵਿੱਚ ਸੰਪਰਕ ਜੁੜੇ ਹੋਣ ਦੀ ਗੱਲ ਆਖੀ ਗਈ ਹੈ। ਅੰਮ੍ਰਿਤਸਰ ਵਿਚ ਲੰਘੇ ਦਿਨੀਂ ਪੁਲਿਸ ਦੇ ਸਬ ਇੰਸਪੈਕਟਰ ਦੀ ਗੱਡੀ ਹੇਠ ਧਮਾਕਾਖ਼ੇਜ਼ ਸਮੱਗਰੀ ਲਾਏ ਜਾਣ ਤੋਂ ਰੌਲਾ ਪਿਆ ਸੀ।
Boota Singh Basi
President & Chief Editor