ਗੁਰਪਤਵੰਤ ਸਿੰਘ ਪੰਨੂ ’ਤੇ ਭੜਕੇ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ
ਪ੍ਰਭੂ ਸ਼੍ਰੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ ਨਾ ਬਰਦਾਸ਼ਤ ਕਰਨਯੋਗ : ਕਮਲ
ਕਿਹਾ : ਪੰਨੂ ਅਜਿਹੀ ਘਟੀਆ ਬਿਆਨਬਾਜੀ ਕਰਕੇ ਹਿੰਦੂ ਸਿੱਖ ਏਕਤਾ ਨੂੰ ਤੋੜਨਾ ਚਾਹੁੰਦਾ ਹੈ
ਖੰਨਾ, 14 ਨਵੰਬਰ 2024
ਭਾਰਤ ਵਿਰੁੱਧ ਭੜਕਾਉ ਭਾਸ਼ਣ ਤੇ ਹਮੇਸ਼ਾ ਗਿੱਦੜ ਭਬਕੀਆਂ ਦੇਣ ਵਾਲੇ ਸਿੱਖਜ਼ ਫਾਰ ਜਸਟਿਸ ਜਥੇਬੰਦੀ ਦੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦੇਸ਼ ਅਤੇ ਖਾਸ ਕਰ ਪੰਜਾਬ ਦਾ ਮਹੌਲ ਖਰਾਬ ਕਰਨ ਦੇ ਮਕਸਦ ਨਾਲ ਵਾਰ ਵਾਰ ਵੀਡੀਉ ਜਾਰੀ ਕਰਕੇ ਜਹਿਰ ਉਗਲਿਆ ਜਾ ਰਿਹਾ ਹੈ। ਹੁਣ ਜਿਹੜੀ ਉਸ ਵੱਲੋਂ 500 ਸਾਲ ਦੇ ਸੰਘਰਸ਼ ਤੋਂ ਬਾਅਦ ਬਣੇ ਪ੍ਰਭੂ ਸ਼੍ਰੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੈ।ਪੰਨੂ ਹਮੇਸ਼ਾ ਹੀ ਹਿੰਦੂਆਂ ਅਤੇ ਭਾਰਤ ਦੇ ਖਿਲਾਫ ਜਹਿਰ ਉਗਲ ਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰ ਰਿਹਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਸ਼ਿਵ ਸਾਗਰ ਮਹਾਕਾਲੀ ਮੰਦਰ,ਖਰੜ ਦੇ ਚੇਅਰਮੈਨ, ਸ਼੍ਰੀ ਹਿੰਦੂ ਤਖਤ ਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਕਮਲ ਵੱਲੋਂ ਕੀਤਾ ਗਿਆ। ਕਮਲ ਨੇ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਸਿੱਖ ਕੌਮ ਦਾ ਸਭ ਤੋਂ ਵੱਡਾ ਗਦਾਰ ਹੈ ।ਪ੍ਰਭੂ ਸ਼੍ਰੀ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਕੇ ਉਸ ਵੱਲੋਂ ਪੂਰੀ ਸਿੱਖ ਕੌਮ ਨੂੰ ਕਲੰਕਿਤ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕੇ ਅਯੁਧਿਆ ਵਿਚ ਹਿੰਸਾਂ ਫੈਲਾਉਣਾਂ ਤਾਂ ਦੂਰ ਦੀ ਗੱਲ ,ਉਥੇ ਮੰਦਰ ਵੱਲ ਝਾਕ ਵੀ ਨਹੀਂ ਸਕਦਾ। ਕਮਲ ਨੇ ਕਿਹਾ ਕਿ ਪੰਨੂ ਨੂੰ ਸ਼ਾਇਦ ਇਹ ਨਹੀ ਪਤਾ ਕੇ ਜਦੋਂ ਔਰੰਗਜੇਬ ਨੇ ਦੂਜੀ ਵਾਰ ਸੈਯਦ ਅਲੀ ਨੂੰ ਵਿਸ਼ਾਲ ਸੈਨਾ ਦੇ ਨਾਲ ਮੰਦਰ ਨਸ਼ਟ ਕਰਨ ਲਈ ਭੇਜਿਆ ਸੀ ਤਾਂ ਉਸ ਵੇਲੇ ਬਾਬਾ ਵੈਸ਼ਣਵਦਾਸ ਨੇ ਸਮਾਂ ਰਹਿੰਦੇ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਪਰਕ ਕੀਤਾ ਸੀ ਤੇ ਗੁਰੂ ਗੌਬਿੰਦ ਸਿੰਘ ਜੀ ਉਸ ਵੇਲੇ ਮੰਦਰ ਦੀ ਰੱਖਿਆ ਲਈ ਸੈਨਾ ਲੈ ਕੇ ਅਯੋਧਿਆ ਪਹੁੰਚ ਗਏ ਸਨ ਤੇ ਸਾਧੂਆਂ ਦੀ ਸੈਨਾ ਨਾਲ ਮਿਲ ਕੇ ਉਨ੍ਹਾਂ ਨੇ ਮੁਗਲ ਸੈਨਾ ਨੂੰ ਖਦੇੜ ਦਿੱਤਾ ਸੀ। ਸਾਡੇ ਗੁਰੂਆਂ ਨੇ ਤਾਂ ਹਿੰਦੂ ਧਰਮ ਲਈ ਕੁਰਬਾਨੀਆਂ ਦਿੱਤੀਆਂ ਹਨ।ਆਪਣੇ ਆਪ ਨੂੰ ਸਿੱਖ ਆਖਣ ਵਾਲਾ ਇਹ ਪੰਨੂੰ ਪਤਾ ਨਹੀਂ ਕਿਹੜੀ ਗੰਦੀ ਨਸਲ ਦਾ ਕੀੜਾ ਹੈ ? ਕਮਲਜੀਤ ਸਿੰਘ ਕਮਲ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਸ਼ਰੇਆਮ ਚੇਤਾਵਨੀ ਦਿੱਤੀ ਕਿ ਉਹ ਦੇਸ਼ ਅਤੇ ਖਾਸ ਕਰਕੇ ਪੰਜਾਬ ਦਾ ਮਹੌਲ ਖਰਾਬ ਕਰਨ ਵਾਲੀਆਂ ਆਪਣੀਆਂ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਬਾਜ ਆ ਜਾਵੇ ਅਤੇ ਭਾਰਤ ਤੇ ਖਾਸ ਕਰਕੇ ਪੰਜਾਬ ਦਾ ਮਹੌਲ ਖਰਾਬ ਕਰਨ ਦਾ ਸੁਫਨਾ ਲੈਣਾ ਬੰਦ ਕਰ ਦੇਵੇ। ਉਨ੍ਹਾਂ ਕਿਹਾ ਕਿ ਪੰਨੂੰ ਤਾਂ ਕੀ ,ਹਿੰਦੂ ਸਿੱਖ ਏਕਤਾ ਨੂੰ ਕੋਈ ਵੀ ਨਹੀਂ ਤੋੜ ਸਕਦਾ। ਅੱਜ ਸਾਰਾ ਹਿੰਦੂ ਅਤੇ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਨਾਲ ਇੱਕਜੁਟ ਹੈ। ਉਨ੍ਹਾਂ ਕਿਹਾ ਕੇ ਇਹ ਖਾਲਿਸਤਾਨ ਦਾ ਰਾਗ ਅਲਾਪਣ ਵਾਲੇ ਮੁੱਠੀ ਭਰ ਲੋਕਾਂ ਦਾ ਅੰਤ ਹੁਣ ਨੇੜੇ ਆ ਗਿਆ ਹੈ।ਕਮਲ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਪੰਨੂ ਦੀਆਂ ਖਾਲਿਸਤਾਨੀ ਗਤੀਵੀਧੀਆਂ ਨੂੰ ਪੰਜਾਬ ਵਿਚ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕੇ ਖਾਲਿਸਤਾਨ ਵਿਰੁੱਧ ਸ਼ੁਰੂ ਕੀਤੀ ਗਈ ਜੰਗ ਇਸੇ ਪ੍ਰਕਾਰ ਬੇਖੌਫ ਜਾਰੀ ਰਹੇਗੀ।