ਕਾਲਜ ਹਮੇਸ਼ਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਾ ਰਿਹਾ ਆਪਣਾ ਯੋਗਦਾਨ-ਪ੍ਰਿੰਸੀਪਲ ਡਾ.ਕਵਲਜੀਤ ਕੌਰ
ਚੋਹਲਾ ਸਾਹਿਬ/ਤਰਨਤਾਰਨ,1 ਨਵੰਬਰ (ਨਈਅਰ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਜ਼ੋਨਲ ਯੁਵਕ ਮੇਲੇ 2022 ਵਿੱਚ ਭਾਗ ਲ਼ੈਂਦਿਆਂ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਨੇ ਬੀ ਜ਼ੋਨ ਦੇ ਬੀ ਡਵੀਜ਼ਨ ਕਾਲਜਾਂ ਵਿੱਚੋਂ ਦੂਜੀ ਰਨਰਜ-ਅਪ ਟਰਾਫੀ ਜਿੱਤੀ ਹੈ।ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਮੂਲੀਅਤ ਕਰਦਿਆਂ ਸਕਿੱਟ ਵਿੱਚੋਂ ਪਹਿਲਾ ਸਥਾਨ, ਕਸਟਿਓਮ ਪਰੇਡ ਵਿੱਚੋਂ ਦੂਜਾ ਸਥਾਨ,ਕਵੀਸ਼ਰੀ ਅਤੇ ਫੋਟੋਗ੍ਰਾਫੀ ਵਿੱਚੋਂ ਤੀਜਾ ਸਥਾਨ,ਕਵਿਤਾ ਰਚਨ ਤੇ ਉਚਾਰਨ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਮੂਹ ਕਾਲਜ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।ਸ.ਸੁਖਮਿੰਦਰ ਸਿੰਘ ਸਕੱਤਰ ਵਿੱਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕੇ ਅਜਿਹੇ ਮੁਕਾਬਲਿਆਂ ਵਿੱਚੋਂ ਪੁਜ਼ੀਸ਼ਨਾਂ ਹਾਸਿਲ ਕਰਕੇ ਟਰਾਫੀ ਜਿੱਤਣ ਦਾ ਸਿਹਰਾ ਕਾਲਜ ਪ੍ਰਿੰਸੀਪਲ ਦੀ ਯੋਗ ਅਗਵਾਈ,ਅਧਿਆਪਕਾਂ ਦੀ ਸਿੱਖਿਆ ਅਤੇ ਵਿਦਿਆਰਾਥੀਆਂ ਦੀ ਸਖ਼ਤ ਮਿਹਨਤ ਨੂੰ ਜਾਂਦਾ ਹੈ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਕਵਲਜੀਤ ਕੌਰ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕੇ ਇਹ ਕਾਲਜ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਅਦਾ ਕਰਦਾ ਆ ਰਿਹਾ ਹੈ ਹੈ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਦਾ ਰਹਿੰਦਾ ਹੈ ਤਾਂ ਜੋ ਵਿਦਿਆਰਥੀ ਭਵਿੱਖ ਦੀਆਂ ਯੋਜਨਾਵਾਂ ਵਿੱਚ ਕਾਮਯਾਬ ਹੋ ਸਕਣ। ਉਨ੍ਹਾਂ ਇਸ ਮੌਕੇ ਕਾਲਜ ਦੇ ਡੀਨ ਕਲਚਰਲ ਡਾ.ਜਤਿੰਦਰ ਕੌਰ ਅਤੇ ਪ੍ਰੋ.ਬਲਜਿੰਦਰ ਸਿੰਘ,ਜਿੰਨਾ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਯੁਵਕ ਮੇਲੇ ਵਿੱਚ ਹਿੱਸਾ ਲਿਆ ਅਤੇ ਸਮੁੱਚੇ ਸਹਿਯੋਗੀ ਸਟਾਫ਼ ਦੀ ਪ੍ਰਸੰਸਾ ਕੀਤੀ।