ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਸ਼ਖਸ਼ੀਅਤ ਉਸਾਰੀ ਵਿਸ਼ੇ ‘ਤੇ ਸਮਾਗਮ ਆਯੋਜਿਤ 

0
77
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,2 ਫਰਵਰੀ 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੇਵ ਅਵਰ ਸੋਲਜ ਐਜੂਕੇਸ਼ਨਲ ਅਤੇ ਚੈਰੀਟੇਬਲ ਸੁਸਾਇਟੀ ਸੰਸਥਾ ਦੇ ਸਕੱਤਰ ਸ.ਰਾਜਪਾਲ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।  ਉਨ੍ਹਾਂ ਕਾਲਜ ਵਿਦਿਆਰਥੀਆਂ ਨੂੰ ਪਰਸਨੈਲਿਟੀ ਡਿਵੈਲਪਮੈਂਟ ਦੇ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਹਾਸਿਲ ਕਰਨ ਦੇ ਨਾਲ-ਨਾਲ ਧਰਮ ਦਾ ਗਿਆਨ ਹਾਸਿਲ ਕਰਕੇ ਆਪਣੀ ਸ਼ਖਸੀਅਤ ਨੂੰ ਨਿਖਾਰਨ ‘ਤੇ ਜ਼ੋਰ ਦਿੱਤਾ।ਉਨ੍ਹਾਂ ਦੱਸਿਆ ਕਿ ਅੱਜ ਦੇ ਮੀਡੀਏ ਤੇ ਵਿਗਿਆਨ ਦੇ ਯੁੱਗ ਵਿੱਚ ਵੀ ਗੁਰਬਾਣੀ ਤੋਂ ਉੱਤਮ ਮਨੁੱਖ ਲਈ ਕੁਝ ਨਹੀਂ ਹੈ।ਵਿਦਿਆਰਥੀ ਆਪਣੇ ਜੀਵਨ ਵਿੱਚ ਜੋ ਵੀ ਉਦੇਸ਼ ਤੈਅ ਕਰਦੇ ਹਨ,ਗੁਰਬਾਣੀ ਉਨ੍ਹਾਂ ਦੀ ਪ੍ਰਾਪਤੀ ਲਈ ਸਹਾਇਕ ਹੁੰਦੀ ਹੈ ਤੇ ਮਨੁੱਖ ਨੂੰ ਉੱਚ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ। ਸੋ ਸਾਨੂੰ ਹਮੇਸ਼ਾ ਗੁਰਬਾਣੀ ਨੂੰ ਸਹਿਜ ਪਾਠ ਦੇ ਰੂਪ ਵਿੱਚ ਪੜ੍ਹ ਕੇ ਇਸ ਦੇ ਡੂੰਘੇ ਅਰਥਾਂ ਨੂੰ ਸਮਝਣ ਦੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਵਿਦਿਆਰਥੀ ਦੀ ਸਖਸੀਅਤ ਨਿੱਖਰਦੀ ਹੈ ਅਤੇ ਉਸ ਨੂੰ ਜ਼ਿੰਦਗੀ ਵਿੱਚ ਤਰੱਕੀ ਕਰਨ ਦੇ ਵੱਧ ਮੌਕੇ ਮਿਲਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬੇ ਸਾਂਝੇ ਕੀਤੇ ਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਹਿਜ ਪਾਠ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਨੇ ਸ.ਰਾਜਪਾਲ ਸਿੰਘ ਨੂੰ ਜੀ ਆਇਆ ਆਖਿਆ ਤੇ ਉਨ੍ਹਾਂ ਦੇ ਨਿੱਜੀ ਤਜਰਬਿਆਂ ਤੇ ਜ਼ਿੰਦਗੀ ਵਿੱਚ ਵਿਚਰਨ ਦੇ ਤਰੀਕਿਆਂ ਤੋਂ ਬਹੁਤ ਪ੍ਰਭਾਵਿਤ ਹੋਏ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਲਈ ਸ.ਰਾਜਪਾਲ ਸਿੰਘ ਵੱਲੋਂ ਦਿੱਤੇ ਵਿਚਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਾਲਜ਼ ਵਿੱਚ ਸ਼ਿਰਕਤ ਕਰਨ ਲਈ ਰਾਜਪਾਲ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।ਇਸ ਮੌਕੇ ਕਾਲਜ ਦੇ ਪ੍ਰੋ.ਹਿੰਮਤ ਸਿੰਘ,ਪ੍ਰੋ.ਜਗਜੀਤ ਸਿੰਘ,ਪ੍ਰੋ.ਬਲਜਿੰਦਰ ਸਿੰਘ, ਪ੍ਰੋ.ਤ੍ਰਿਪਤ ਕੌਰ,ਪ੍ਰੋ.ਜਤਿੰਦਰ ਕੌਰ,ਪ੍ਰੋ.ਬੀਰਪਾਲ ਸਿੰਘ ਆਦਿ ਹਾਜਿਰ ਸਨ।

LEAVE A REPLY

Please enter your comment!
Please enter your name here