ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਗੁਰੂ ਅਰਜਨ ਦੇਵ ਮਾਰਗ ਤੋਂ ਕੈਬਨਿਟ ਮੰਤਰੀ ਈ ਟੀ ਓ ਨੇ ਹਟਵਾਇਆ ਸ਼ਰਾਬ ਦਾ ਠੇਕਾ
ਗੂਰੂ ਮਾਨਿਓ ਗ੍ਰੰਥ ਸੇਵਕ ਜਥਾ,ਸਿੱਖ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਫੈਸਲੇ ਦੀ ਸ਼ਲਾਘਾ
ਅੰਮ੍ਰਿਤਸਰ 2 ਅਪ੍ਰੈਲ 2025–
ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਜੰਡਿਆਲਾ ਗੁਰੂ ਤੋਂ ਤਰਨ ਤਾਰਨ ਨੂੰ ਜਾਂਦੀ ਮੁੱਖ ਸੜਕ, ਜਿਸ ਨੂੰ ਕਿ ਉਹਨਾਂ ਨੇ ਹੀ ਥੋੜਾ ਸਮਾਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਮਾਰਗ ਦਾ ਨਾਮ ਦੇ ਕੇ ਬਹੁਤ ਖੂਬਸੂਰਤ ਸੜਕ ਅਤੇ ਵੱਡੇ ਗੇਟਾਂ ਦੀ ਉਸਾਰੀ ਵੀ ਕਰਵਾਈ ਹੈ, ਦੇ ਹੇਠਾਂ ਚੱਲ ਰਹੇ ਸ਼ਰਾਬ ਦੇ ਠੇਕੇ ਅਤੇ ਅਹਾਤੇ ਨੂੰ ਬੰਦ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਲੋਂ ਵਸਾਏ ਗਏ ਨਗਰ ਤਰਨਤਾਰਨ ਨੂੰ ਜਾਂਦੇ ਇਸ ਮੁੱਖ ਰਸਤੇ ਦੀ ਐਂਟਰੀ ਉੱਪਰ ਬਣੇ ਸ੍ਰੀ ਗੁਰੂ ਅਰਜਨ ਦੇਵ ਵਿਰਾਸਤੀ ਮਾਰਗ ਗੇਟ ਹੇਠਾਂ ਚੱਲ ਰਹੇ ਇਸ ਠੇਕੇ ਦਾ ਸੰਗਤਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ। ਸੰਗਤ ਦੇ ਮੰਗ ਤੇ ਤਰਕ ਨੂੰ ਦੇਖਦੇ ਹੋਏ ਇਹ ਸ਼ਰਾਬ ਦਾ ਠੇਕਾ ਇਥੋਂ ਚੁੱਕ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਹੈ ਅਤੇ ਹੁਣ ਭਵਿੱਖ ਵਿੱਚ ਇਹ ਠੇਕਾ ਇੱਥੇ ਨਹੀਂ ਚਾਲੂ ਹੋਵੇਗਾ। ਜੰਡਿਆਲਾ ਗੁਰੂ ਦੇ ਇਸ ਵਿਰਾਸਤੀ ਗੇਟ, ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ, ਦੇ ਨਜ਼ਦੀਕ ਮੌਜੂਦ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਕੀਤੇ ਗਏ ਫੈਸਲੇ ਦੀ ਗੂਰੂ ਮਾਨਿਓ ਗ੍ਰੰਥ ਸੇਵਕ ਜਥਾ,ਸਿੱਖ ਜਥੇਬੰਦੀਆਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ ਗਿਆ ਹੈ। ਸੰਗਤਾਂ ਨੇ ਕਿਹਾ ਕਿ ਉਨ੍ਹਾਂ ਮੰਤਰੀ ਸ ਹਰਭਜਨ ਸਿੰਘ ਦੇ ਧਿਆਨ ਵਿੱਚ ਇਹ ਗੰਭੀਰ ਮਸਲਾ ਲਿਆਂਦਾ ਸੀ। ਉਹਨਾਂ ਨੇ ਇਸ ਗੱਲ ਨੂੰ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨਾਲ ਲੈਂਦੇ ਹੋਏ, ਉਕਤ ਸ਼ਰਾਬ ਦੇ ਠੇਕੇ ਨੂੰ ਫੌਰੀ ਹਟਾਉਣ ਦਾ ਕੱਦਮ ਚੁੱਕਿਆ, ਜੋ ਕਿ ਸਰਾਹੁਣਯੋਗ ਹੈ।
ਅੱਜ ਗੁਰਦੁਆਰਾ ਬਾਬਾ ਹੰਦਾਲ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਸੰਗਤ ਨੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਦੀ ਕਾਰਗੁਜ਼ਾਰੀ ਲਈ ਦਿਲੋਂ ਧੰਨਵਾਦ ਅਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਕੈਪਸ਼ਨ —ਗੁਰਦੁਆਰਾ ਬਾਬਾ ਹੰਦਾਲ ਜੰਡਿਆਲਾ ਗੁਰੂ ਵਿਖੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਦੇ ਧੰਨਵਾਦ ਲਈ ਇਕੱਤਰ ਹੋਈਆਂ ਸਮੂਹ ਜਥੇਬੰਦੀਆਂ।
==–