ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਗ੍ਰੈਜੂਏਸ਼ਨ ਸੈਰਾਮਨੀ ਅਤੇ ਸਕਾਲਰਸ਼ਿੱਪ ਵੰਡ ਸਮਾਰੋਹ

0
39

ਨਰਸਿੰਗ ਵਿਦਿਆਰਥੀ ਮਨਦੀਪ ਕੌਰ ਦਾ ਸ.ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡਮਿਕ ਐਕਸੀਲੈਂਸ ਸਕਾਲਰਸ਼ਿਪ ਨਾਲ ਸਨਮਾਨ
ਬੰਗਾ : 18 ਅਪ੍ਰੈਲ

ਅੱਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ 21ਵੇਂ ਗ੍ਰੈਜ਼ੂਏਸ਼ਨ ਸਮਾਰੋਹ ਵਿਚ ਬੀ.ਐਸ.ਸੀ. ਨਰਸਿੰਗ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ   ਡਿਗਰੀ ਸਰਟੀਫਿਕੇਟ ਪ੍ਰਦਾਨ ਕੀਤੇ ਅਤੇ ਕਲਾਸਾਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ.ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡਮਿਕ ਐਕਸੀਲੈਂਸ ਸਕਾਲਰਸ਼ਿਪ ਪ੍ਰਦਾਨ ਕੀਤੀਆਂ ਗਈਆਂ ।  ਇਸ ਮੌਕੇ ਸਮਾਗਮ ਦੇ  ਮੁੱਖ ਮਹਿਮਾਨ  ਡਾ. ਪੁਨੀਤ ਗਿਰਧਰ ਰਜਿਸਟਰਾਰ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਨੇ ਨਰਸਿੰਗ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਨਰਸਿੰਗ ਦੀ ਮਹਾਨਤਾ ਅਤੇ ਨਰਸਾਂ ਦੇ ਮਰੀਜ਼ਾਂ ਪ੍ਰਤੀ ਫਰਜ਼ਾਂ ਸਬੰਧੀ ਜਾਣੂ ਕਰਵਾਇਆ ।  ਉਹਨਾਂ ਨੇ ਸੰਸਥਾ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਜੀ ਦੀ ਦੂਰ ਅੰਦੇਸ਼ੀ  ਸੋਚ ਸਦਕਾ ਪੰਜਾਬ ਦੀਆਂ ਦੀਆਂ ਲੜਕੀਆਂ ਨੂੰ ਨਰਸਿੰਗ ਕਿੱਤੇ ਰਾਹੀਂ  ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਦੁਨੀਆਂ ਭਰ ਵਿਚ ਕਾਮਯਾਬ ਹੋਣ ਦਾ ਮੌਕਾ ਮਿਲਿਆ ਹੈ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ  ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਅਤੇ ਸਮਾਗਮ ਵਿਚ ਸ਼ਾਮਲ ਹੋਈਆਂ ਸ਼ਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਟਰੱਸਟ ਦੇ  ਸਮੂਹ ਟਰੱਸਟ ਮੈਂਬਰਾਂ ਵੱਲੋਂ ਨਰਸਿੰਗ ਗ੍ਰੈਜੂਏਟ ਅਤੇ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ  ਦਿੱਤੀਆਂ ਅਤੇ ਉਹਨਾਂ ਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ ।  ਪ੍ਰਿੰਸੀਪਲ  ਡਾ. ਸੁਰਿੰਦਰ ਜਸਪਾਲ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ।

ਬਰਜਿੰਦਰ ਸਿੰਘ ਢਾਹਾਂ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਕਾਲਜ ਤੋਂ 2500 ਨਰਸਿੰਗ ਗ੍ਰੈਜੂਏਟ ਪਾਸ ਹੋ ਕੇ ਦੁਨੀਆ ਭਰ ਵਿਚ  ਸਿਹਤ ਸੇਵਾਵਾਂ ਅਤੇ ਵਿਦਿਆ ਦੇ ਖੇਤਰ ਵਿਚ ਕਾਮਯਾਬੀ ਦੇ ਨਵੇਂ ਮੁਕਾਮ ਕਾਇਮ ਕੀਤੇ । ਉਹਨਾਂ ਨੇ ਸੰਸਥਾ ਦੇ ਵਿਜ਼ਨ ਅਤੇ ਮਿਸ਼ਨ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ । ਅੱਜ ਬੀ.ਐਸ.ਸੀ. ਨਰਸਿੰਗ ਫਾਈਨਲ ਦੇ 45 ਨਰਸਿੰਗ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ  ਡਾ. ਪੁਨੀਤ ਗਿਰਧਰ ਨੇ ਆਪਣੇ ਕਰ ਕਮਲਾਂ ਨਾਲ ਡਿਗਰੀ ਸਰਟੀਫੀਕੇਟ ਪ੍ਰਦਾਨ ਕੀਤੇ । ਇਸ ਮੌਕੇ ਵੱਖ ਵੱਖ ਕਲਾਸਾਂ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ. ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕੈਡੇਮਿਕ ਐਕਸੀਲੈਂਸ ਸਕਾਲਰਸ਼ਿਪ ਵੀ ਪ੍ਰਦਾਨ ਕੀਤੀਆਂ ਗਈਆਂ, ਇਸ ਦੀ ਰਸਮ ਬਾਬਾ ਜੀ ਦੀਆਂ ਬੇਟੀਆਂ ਮਨਜੀਤ ਕੌਰ ਥਾਂਦੀ, ਕੁਲਜਿੰਦਰ ਕੌਰ ਛੋਕਰ, ਦੋਹਤੀਆਂ ਹਰਕੀਰਤ ਕੌਰ, ਮੰਜਨ ਕੌਰ ਅਤੇ ਪੜਦੋਹਤੀਆਂ ਮਨਦੀਪ ਕੌਰ, ਐਂਬਰਜੀਤ ਕੌਰ, ਸਿਮਰਨਜੀਤ ਕੌਰ  ਨੇ ਅਦਾ ਕੀਤੀ ।

ਸਾਲ 2024 ਦੀ 50 ਹਜ਼ਾਰ ਰੁਪਏ ਰਾਸ਼ੀ ਵਾਲੀ ਸ. ਬੁੱਧ ਸਿੰਘ ਢਾਹਾਂ ਅਵਾਰਡ ਆਫ ਅਕਡੇਮਿਕ ਐਕਸੀਲੈਂਸ  ਸਕਾਲਰਸ਼ਿਪ ਮਨਦੀਪ ਕੌਰ ਪੁੱਤਰੀ ਮਹਿੰਦਰਪਾਲ ਸਿੰਘ-ਕੁਲਦੀਪ ਕੌਰ ਪਿੰਡ ਲਾਦੀਆਂ  ਨੇ ਬੀ ਐਸ ਸੀ ਨਰਸਿੰਗ ਫਾਈਨਲ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਕੀਤੀ ਅਤੇ ਤਮੰਨਾ ਬੰਗੜ ਪੁਤਰੀ ਹੁਸਨ ਲਾਲ-ਸੁਰਜੀਤ ਕੌਰ ਪਿੰਡ ਬਹਿਰਾਮ ਨੇ ਬੀ ਐਸ ਸੀ ਨਰਸਿੰਗ ਤੀਜਾ ਸਾਲ ਵਿਚੋ ਪਹਿਲਾ ਸਥਾਨ  ਹਾਸਲ ਕਰਕੇ 40 ਹਜ਼ਾਰ ਰੁਪਏ ਦੀ ਸਕਾਰਲਸ਼ਿਪ ਪ੍ਰਾਪਤ ਕੀਤੀ ।  ਸਮਾਗਮ ਵਿਚ ਨਿਸ਼ਕਾਮ ਸੇਵਾ, ਵਿਦਿਆ, ਸਿਹਤ, ਮੈਡੀਕਲ ਸੇਵਾਵਾਂ ਅਤੇ ਸਾਹਿਤ ਦਾ ਸੁਮੇਲ ਬਾਰੇ ਵਿਸ਼ੇਸ਼ ਡਾਕੂਮੈਂਟਰੀ ਫਿਲਮ ਫਿਲਾਥਰੋਪੀਆ – ਮਾਰਡਨ ਇਰਾ  ਆਫ ਐਕਟੀਵਿਜ਼ਮ (ਪਰਉਪਕਾਰ- ਆਧੁਨਿਕ ਯੁੱਗ ਦੀ ਸਰਗਰਮੀ) ਦਿਖਾਈ ਗਈ ।

ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋ ਪੇਸ਼ ਲੋਕ ਨਾਚਾਂ ਗਿਧਾ, ਭੰਗੜਾ ਦੀ ਪੇਸ਼ਕਾਰੀ ਨੇ ਸਭ ਸਰੋਤਿਆਂ ਨੂੰ ਝੂੰਮਣ ਲਗਾ ਦਿਤਾ । ਅੱਜ ਦੇ ਗ੍ਰੈਜ਼ੂਏਸ਼ਨ ਸਮਾਰੋਹ ਮੌਕੇ ਡਾ. ਸਤਵਿੰਦਰਪਾਲ ਸਿੰਘ ਐਸ ਐਮ ਉ ਸਿਵਲ ਹਸਪਤਾਲ ਨਵਾਂਸ਼ਹਿਰ,  ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਬੀਬੀ ਬਲਵਿੰਦਰ ਕੌਰ ਕਲਸੀ ਖਜ਼ਾਨਚੀ, ਬੀਬੀ ਸ਼ੰਤੋਸ਼ ਕੌਰ ਮਾਨ ਯੂ ਕੇ, ਅਜੀਤ ਸਿੰਘ ਥਾਂਦੀ, ਗੁਰਟੇਕ ਸਿੰਘ ਛੋਕਰ, ਸਰੂਪ ਮਾਨ, ਬਲਜੀਤ ਸਿੰਘ ਬਰਾੜ ਮੁੱਖ ਸੰਪਾਦਕ ਪੰਜਾਬ ਟਾਈਮਜ਼, ਰੁਪਿੰਦਰ ਕੌਰ ਸੀ ਈ ਉ ਪੰਜਾਬ ਟਾਈਮਜ਼, ਬੀਬੀ ਭਜਨ ਕੌਰ, ਮੈਡਮ ਸਤਵਿੰਦਰਪਾਲ ਕੌਰ ਨਰਸਿੰਗ ਸੁਪਰਡੈਂਟ ਸਿਵਲ ਹਸਪਤਾਲ ਨਵਾਂਸ਼ਹਿਰ, ਜੋਗਿੰਦਰ ਸਿੰਘ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਨਵਜੋਤ ਕੌਰ ਸਹੋਤਾ ਕੁਆਰਡੀਨੇਟਰ ਗ੍ਰੈਜ਼ੂਏਸ਼ਨ ਸਮਾਰੋਹ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ, ਨਰਸਿੰਗ ਵਿਦਿਆਰਥੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

LEAVE A REPLY

Please enter your comment!
Please enter your name here