ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਬੰਧੀ ਤਸਵੀਰ ਪ੍ਰਦਰਸ਼ਨੀ ਸੇਵਾ ਦੀ ਪ੍ਰੇਰਨਾ ਬਣੀ

0
23
 ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਬੰਧੀ ਤਸਵੀਰ ਪ੍ਰਦਰਸ਼ਨੀ ਸੇਵਾ ਦੀ ਪ੍ਰੇਰਨਾ ਬਣੀ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸਬੰਧੀ ਤਸਵੀਰ ਪ੍ਰਦਰਸ਼ਨੀ ਸੇਵਾ ਦੀ ਪ੍ਰੇਰਨਾ ਬਣੀ
ਸ਼ੁਰੂਆਤ ਤੋਂ ਸਥਾਪਤੀ ਤੱਕ ਦੇ ਸਫ਼ਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ
ਬੰਗਾ, 14 ਜੂਨ () ਪੇਂਡੂ ਖਿੱਤੇ ’ਚ ਰਿਆਇਤੀ ਦਰਾਂ ’ਤੇ ਆਧੁਨਿਕ ਸਿਹਤ ਸਹੂਲਤਾਂ ਨੂੰ ਸਮਰਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਵਿਹਡ਼ੇ ਲੱਗੀ ਆਦਮ ਕੱਦ ਤਸਵੀਰਾਂ ਦੀ ਪ੍ਰਦਰਸ਼ਨੀ ਸੇਵਾ ਪ੍ਰਤੀ ਪ੍ਰੇਰਕ ਸਾਬਤ ਹੋਈ ਹੈ । ਪ੍ਰਵੇਸ਼ ਦੁਆਰ ਤੋਂ ਲੈ ਕੇ ਮੁੱਖ ਲਾਂਘੇ ਦੁਆਲੇ ਦੋਹੀਂ ਪਾਸੇ ਹਸਪਤਾਲ ਦੀ ਆਰੰਭਤਾ ਅਤੇ ਸਥਾਪਤੀ ਤੱਕ ਦੀਆਂ ਲੱਗੀਆਂ ਸੰਘਰਸ਼ ’ਚ ਲਬਰੇਜ਼ ਤਸਵੀਰਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ । ਇਹਨਾਂ ਵਿੱਚ ਹਸਪਤਾਲ ਦੇ ਸੁਫ਼ਨੇਹਾਰ ਬਾਬਾ ਬੁੱਧ ਸਿੰਘ ਢਾਹਾਂ ਜੀ ਵਲੋਂ ਸੇਵਾ ਦਾ ਹੋਕਾ ਦੇਣ, ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ ਨੀਂਹ ਪੱਥਰ ਰੱਖਣ, ਦੇਸ਼ ਵਿਦੇਸ਼ਾਂ ਦੇ ਦਾਨੀਆਂ ਵਲੋਂ ਭਰਵਾਂ ਸਹਿਯੋਗ, ਪੰਜਾਬ ਦੇ ਤਾਤਕਲੀਨ ਰਾਜਪਾਲ ਬੀ. ਡੀ. ਪਾਂਡੇ ਵੱਲੋਂ ਉਦਘਾਟਨ ਕਰਨ, ਮਾਹਿਰ ਮੈਡੀਕਲ ਟੀਮਾਂ ਦੀ ਆਮਦ ਹੋਣ, ਬਾਬਾ ਬੁੱਧ ਸਿੰਘ ਟਰੌਮਾ ਸੈਂਟਰ ਦੀ ਹੋਂਦ ਮੌਕੇ ਪੰਜ ਸਿੰਘ ਸਹਿਬਾਨ ਜੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਦਿ ਦੀਆਂ ਯਾਦਗਾਰੀ ਤਸਵੀਰਾਂ ਸ਼ਾਮਲ ਹਨ।
     ਪ੍ਰਬੰਧਕਾਂ ਵਲੋਂ ਇਹ ਪ੍ਰਦਰਸ਼ਨੀ ਉਕਤ ਹਸਪਤਾਲ ਦੇ ਚਾਰ ਦਹਾਕਿਆਂ ਦੇ ਸਫ਼ਲ ਸਫ਼ਰ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਹਰ ਤਸਵੀਰ ਨਾਲ ਉਸ ਦੇ ਮਕਸਦ ਸਬੰਧੀ ਇਬਾਰਤ ਨੂੰ ਵੀ ਅੰਕਿਤ ਕੀਤਾ ਗਿਆ ਹੈ । ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਕਿ ਇਤਿਹਾਸ ਦੀਆਂ ਪਰਤਾਂ ਦਾ ਅਧਿਐਨ ਵਰਤਮਾਨ ਦੀ ਕਸਵੱਟੀ ’ਤੇ ਕਰਵਟ ਲੈਂਦਿਆਂ ਭਵਿੱਖ ਦੀਆਂ ਅਸ਼ਾਵਾਂ ਸੰਪੂਰਨ ਹੋਣ ਦਾ ਸਦਾ ਉਸਾਰੂ ਤੇ ਉਤਸਾਹੂ ਸਬੱਬ ਸਾਬਤ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਤਸਵੀਰ ਪ੍ਰਦਰਸ਼ਨੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਦੱਸਣਯੋਗ ਹੈ ਕਿ ਇਸ  ਤਸਵੀਰ ਪ੍ਰਦਰਸ਼ਨੀ ਨੂੰ ਰੋਜ਼ਾਨਾ ਹਸਪਤਾਲ ਆਉਣ ਵਾਲੇ ਸੈਂਕੜੇ ਲੋਕਾਂ ਵਲੋਂ ਨਿਹਾਰਿਆ ਅਤੇ ਸਲਾਇਆ ਜਾਂਦਾ ਹੈ।
   ਪ੍ਰਦਰਸ਼ਨੀ ਦੇਖਣ ਵਾਲਿਆਂ ਵਿੱਚ ਸ਼ਾਮਲ ਬੇਗਮਪੁਰ ਵਾਸੀ ਦਵਿੰਦਰ ਸਿੰਘ, ਬਹਿਰਾਮ ਵਾਸੀ ਬਚਿੱਤਰ ਸਿੰਘ, ਔੜ ਵਾਸੀ ਕ੍ਰਿਸ਼ਨ ਕੁਮਾਰ, ਕਟਾਰੀਆ ਵਾਸੀ ਮੁਖਤਿਆਰ ਸਿੰਘ ਆਦਿ ਦਾ ਕਹਿਣਾ ਸੀ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨਾਲ ਜੁੜੀਆਂ ਇਹ ਤਸਵੀਰਾਂ ਇਸ ਦੇ ਪ੍ਰਬੰਧਾਂ ਦੀਆਂ ਸਮਾਂ-ਦਰ-ਸਮਾਂ ਪ੍ਰਾਪਤੀਆਂ ਨੂੰ ਬਾਖੂਬੀ ਬਿਆਨਦੀਆਂ ਹਨ। ਪ੍ਰਬੰਧਕਾਂ ਵਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਤਸਵੀਰ ਪ੍ਰਦਰਸ਼ਨੀ ਵਿੱਚ ਉੱਕਤ ਟਰੱਸਟ ਦੀ ਯੋਗ ਅਗਵਾਈ ਵਿੱਚ ਗਤੀਸ਼ੀਲ ਹਸਪਤਾਲ ਤੋਂ ਇਲਾਵਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਕਾਲਜ, ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਦੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਦਰਜ-ਬ-ਦਰਜਾ ਕਰਮਚਾਰੀਆਂ ਨੂੰ ਸਨਮਾਨ ਦਿੱਤੇ ਜਾਣ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਕੈਪਸ਼ਨ -ਤਸਵੀਰ ਪ੍ਰਦਰਸ਼ਨੀ ਬਾਰੇ ਸਾਂਝ ਕਰਾਉਣ ਸਮੇਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ।

LEAVE A REPLY

Please enter your comment!
Please enter your name here