ਗੁਰੂ ਰਵਿਦਾਸ ਜੀ ਦਾ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ
ਗੁਰੂ ਰਵਿਦਾਸ ਜੀ ਦਾ ਗੁਰਪੁਰਬ ਫਰਿਜ਼ਨੋ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ
ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਸ੍ਰੀ ਗੁਰੂ ਰਵਿਦਾਸ ਟੈਂਪਲ ਫਰਿਜ਼ਨੋ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ। ਇਨ੍ਹਾਂ ਦੀਵਾਨਾਂ ਵਿੱਚ ਗੁਰੂ ਘਰ ਦੇ ਕੀਰਤਨੀਏ ਅਤੇ ਹੋਰ ਬਹੁਤ ਸਾਰੇ ਬੁਲਾਰਿਆਂ ਨੇ ਗੁਰਬਾਣੀ ਸਰਵਨ ਕਰਵਾਈ। ਇਸ ਸਮੇਂ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਰਾਮ ਸਿੰਘ ਨੇ ਗੁਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਉਪਰੰਤ ਭਾਈ ਹਰਵਿੰਦਰ ਸਿੰਘ ਰਸੀਆਂ ਦੇ ਕੀਰਤਨੀ ਜੱਥੇ ਨੇ ਰਸਭਿੱਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਆਂਚਲ ਕੌਰ ਹੇਅਰ ਨੇ ਗੁਰਬਾਣੀ ਸ਼ਬਦ ਗਾਇਨ ਕੀਤਾ ਅਤੇ ਇਕ ਕਵਿਤਾ ਵੀ ਸਰਵਨ ਕਰਵਾਈ।
ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਬੋਲਦੇ ਹੋਏ ਪ੍ਰਬੰਧਕਾਂ ਵਿੱਚੋਂ ਅਮਰ ਸਿੰਘ ਦੜੋਚ ਨੇ ਸਟੇਜ ਤੋ ਸੰਬੋਧਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਦੁਆਰਾ ਦਰਸਾਏ ਮਾਰਗ ਤੇ ਚੱਲਣ ਦੀ ਅਪੀਲ ਕੀਤੀ। ਇਸ ਸਮੇਂ ਬਹੁਤ ਸਾਰੇ ਬੁਲਾਰਿਆਂ ਨੇ ਵਿਚਾਰਾਂ ਦੀ ਸਾਂਝ ਪਾਈ। ਜਿੰਨ੍ਹਾਂ ਦਾ ਇੱਕੋ ਸੁਨੇਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਣ ਦਾ ਅਸਲੀ ਮੰਤਵ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਅਪਣਾ ਕੇ, ਸਮਾਜ ‘ਚੋਂ ਪਖੰਡਵਾਦ ਨੂੰ ਦੂਰ ਕਰਕੇ ਦੁਨੀਆ ਵਿੱਚ ਬਰਾਬਰਤਾ ਵਾਲਾ ਸਮਾਜ ਉਸਾਰਨਾ ਹੈ ਤਾਂ ਜੋ ਉਨ੍ਹਾਂ ਵੱਲੋਂ ਦਰਸਾਇਆ ਬੇਗਮਪੁਰਾ ਦਾ ਸੁਪਨਾ ਪੂਰਾ ਹੋ ਸਕੇ। ਇਸ ਸਮੇਂ ਕੈਲੇਫੋਰਨੀਆਂ ਦੇ ਵੱਖ-ਵੱਖ ਗੁਰੂਘਰਾਂ ਦੇ ਨੁਮਾਇੰਦੇ ਹਾਜ਼ਰ ਹੋਏ। ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਲੰਕਾ ਤੋਂ ਬੁੱਧ ਧਰਮ ਦੇ ਆਗੂਆਂ ਨੇ ਵੀ ਪਹੁੰਚ ਕੇ ਗੁਰਪੁਰਬ ਨੂੰ ਮਨਾਉਣ ਦੀ ਸ਼ਲਾਘਾ ਕਰਦੇ ਹੋਏ ਸੰਗਤਾਂ ਨੂੰ ਵਧਾਈ ਦਿੱਤੀ। ਸਟੇਜ ਸੰਚਾਲਨ ਦੀ ਸੇਵਾ ਕੁਲਦੀਪ ਸਿੰਘ ਨੇ ਨਿਭਾਉਂਦੇ ਹੋਏ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮੇਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਦਾ ਸੇਵਾਵਾਂ ਬਦਲੇ ਸਿਰੋਪਾ ਦੇ ਕੇ ਸਨਮਾਨ ਵੀ ਕੀਤਾ ਗਿਆ।
ਗੁਰਪੁਰਬ ਦੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਗੁਰੂ ਦੀ ਮਹਿਮਾ ਦੇ ਨਾਲ-ਨਾਲ ਗੁਰੂ ਘਰ ਵਿੱਚ ਵਿਸ਼ੇਸ਼ ਤੌਰ ‘ਤੇ ਡਾ. ਸਤਨਾਮ ਸਿੰਘ ਬੰਗੜ ਵੱਲੋਂ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਸੀ। ਜਦ ਕਿ ਸੈਂਟਰਲ ਕੈਲੇਫੋਰਨੀਆ ਬਲੱਡ ਸੈਂਟਰ ਵੱਲੋ ਖੂਨਦਾਨ ਕੈਂਪ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗਤਾਂ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਅੰਤ ਆਪਸੀ ਪਿਆਰ ਨਾਲ ਰਹਿੰਦਿਆ ਗੁਰੂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੁਨੇਹਾ ਦਿੰਦਾ ਹੋਇਆ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਪ੍ਰੋਗਰਾਮ ਸਪੂੰਰਨ ਹੋਇਆ।