ਗੋਇੰਦਵਾਲ ਸਾਹਿਬ ਵਿਖੇ ਪਹਿਲਾ ਟਰੀਟਮੈਂਟ ਪਲਾਂਟ ਬਣਕੇ ਤਿਆਰ

0
175
ਸੁਖਪਾਲ ਸਿੰਘ ਹੁੰਦਲ, ਕਪੂਰਥਲਾ -ਇਤਿਹਾਸਿਕ ਨਗਰ ਗੋਇੰਦਵਾਲ ਸਾਹਿਬ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਇਆ ਗਿਆ ਟਰੀਟਮੈਂਟ ਪਲਾਂਟ ਤਿਆਰ ਹੋ ਗਿਆ ਹੈ। ਇਸਦਾ ਰਸਮੀ ਉਦਘਾਟਨ ਕਰਨ ਤੋਂ ਪਹਿਲਾ ਵਾਤਾਵਰਣ ਪ੍ਰੇਮੀ ਅਤੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਡਿਪਟੀ ਕਮਿਸ਼ਨਰ ਤਰਨ-ਤਾਰਨ ਰਿਸ਼ੀਪਾਲ ਸਿੰਘ ਅਤੇ ਇਲਾਕੇ ਦੇ ਸੰਤਾਂ ਮਹਾਪੁਰਸ਼ਾਂ ਵੱਲੋਂ ਇਸ ਪਲਾਂਟ ਦਾ ਵੱਲੋਂ ਨਿਰੀਖਣ ਕੀਤਾ ਗਿਆ। ਇਹ ਟਰੀਟਮੈਂਟ ਪਲਾਂਟ ਬਣਾਉਣ ਦਾ ਕੰਮ ਸੰਤ ਸੁਖਜੀਤ ਸਿੰਘ ਸੀਚੇਵਾਲ ਦੀ ਨਿਗਰਾਨੀ ਵਿਚ 6 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਤਿੰਨ ਐਮ.ਐਲ.ਡੀ ਦੇ ਬਣੇ ਇਸ ਟਰੀਟਮੈਂਟ ਪਲਾਂਟ ਤੇ ਲਗਭਗ 1 ਕਰੋੜ ਦੀ ਲਾਗਤ ਆਈ ਹੈ ਤੇ ਇਹ ਸਾਰੇ ਪੈਸੇ ਇਲਾਕੇ ਦੀਆਂ ਸੰਗਤਾਂ ਵੱਲੋਂ ਖਰਚ ਕੀਤੇ ਗਏ ਹਨ। ਸੀਚੇਵਾਲ ਮਾਡਲ ਦੀ ਤਰਜ਼ ਤੇ ਬਣੇ ਇਸ ਪਲਾਂਟ ਦੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ 1 ਕਿਲੋਮੀਟਰ ਤੋਂ ਵੱਧ ਲੰਬੀ ਪਾਇਪਲਾਇਨ ਪਾਈ ਗਈ ਹੈ।  ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਇਹ ਟਰੀਟਮੈਂਟ ਪਲਾਂਟ ਬਣਨ ਨਾਲ ਪਵਿੱਤਰ ਬਾਉਲੀ ਸਾਹਿਬ ਵਿਚ ਜਾਣ ਵਾਲਾ ਦੂਸ਼ਿਤ ਪਾਣੀ ਰੁਕ ਗਿਆ ਹੈ ਅਤੇ ਸੋਧਿਆ ਹੋਇਆ ਪਾਣੀ ਹੁਣ ਖੇਤੀ ਲਈ ਵਰਤਿਆ ਜਾਵੇਗਾ। ਟਰੀਟਮੈਂਟ ਪਲਾਂਟ ਨਿਰੀਖਣ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਪਾਣੀ ਦੇ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਹੈ। ਰਿਪੋਰਟਾਂ ਅਨੁਸਾਰ 2039 ਤੱਕ ਪਾਣੀ 1000 ਫੁੱਟ ਡੂੰਘਾ ਚਲਿਆ ਜਾਵੇਗਾ ਜਿਸ ਨਾਲ ਖੇਤੀ ਹੋਣੀ ਮੁਸ਼ਕਿਲ ਹੋ ਜਾਵੇਗੀ। ਪਾਣੀ ਦੇ ਕੁਦਰਤੀ ਸਰੋਤਾਂ ਨੂੰ ਇਸ ਵੇਲੇ ਜਿੱਥੇ ਬਚਾਉਣ ਦੀ ਲੋੜ ਹੈ ਉੱਥੇ ਹੀ ਵਰਤੇ ਗਏ ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਉਣ ਨਾਲ ਹੀ ਧਰਤੀ ਹੇਠਲਾ ਪਾਣੀ ਬਚ ਸਕਦਾ ਹੈ। ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਸੀਚੇਵਾਲ ਮਾਡਲ ਦਾ ਹੋਰ ਵੀ ਸੋਧਿਆ ਹੋਇਆ ਰੂਪ ਹੈ ਜਿਸ ਨਾਲ ਪਾਣੀ ਜ਼ਿਆਦਾ ਸਾਫ਼ ਹੋ ਕੇ ਖੇਤੀ ਨੂੰ ਜਾਵੇਗਾ।
ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਇਹ ਟਰੀਟਮੈਂਟ ਪਲਾਂਟ ਬਣਾਉਣ ਲਈ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਬੜੇ ਲੰਬੇ ਸਮੇਂ ਤੋਂ ਪਵਿੱਤਰ ਬਾਉਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਸਨ, ਪਰ ਉਹ ਸਿਰੇ ਨਹੀ ਸੀ ਚੜ੍ਹੀਆ। ਅੱਜ ਉਹਨਾਂ ਦੇ ਸਹਿਯੋਗ ਸਦਕਾ ਇਹ ਕਾਰਜ਼ ਨੇਪਰੇ ਚੜ੍ਹਿਆ ਹੈ। ਖਡੂਰ ਸਾਹਿਬ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਸਦਾ ਰਸਮੀ ਉਦਘਾਟਨ ਆਉਣ ਵਾਲੇ ਦਿਨਾਂ ਵਿਚ ਵੱਡਾ ਇਕੱਠ ਕਰਕੇ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਕਿਹਾ ਕਿ ਬਿਆਸ ਦਰਿਆ ਦੇ ਵਹਿਣ ਨੂੰ ਮੁੜ ਚਾਲੂ ਕਰਨ ਅਤੇ ਇਸ ਇਤਿਹਾਸਿਕ ਧ੍ਰੋਹਰ ਨੂੰ ਬਚਾਉਣ ਲਈ ਵੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਬਾਬਾ ਘੋਲਾ ਸਿੰਘ ਸਿਰਹਾਲੀ ਵਾਲਿਆਂ ਦੇ ਸੇਵਾਦਾਰ ਬਾਬਾ ਸੋਨੂੰ ਜੀ, ਬਾਬਾ ਜਸਪਾਲ ਸਿੰਘ ਜੀ, ਐਸ.ਡੀ.ਐਮ ਦੀਪਕ ਭਾਟੀਆ, ਪੰਚ ਹਰਭਜਨ ਸਿੰਘ ਆਦਿ ਹਾਜ਼ਰ ਸੀ।

LEAVE A REPLY

Please enter your comment!
Please enter your name here