* ਮਹਿੰਗੇ ਮੁੱਲ ਦਾ ਤਾਂਬਾ ਅਤੇ ਤੇਲ ਕੀਤਾ ਚੋਰੀ
ਚੋਹਲਾ ਸਾਹਿਬ/ਤਰਨਤਾਰਨ, (ਨਈਅਰ)-ਇੰਨ੍ਹੀ ਦਿਨੀਂ ਇਲਾਕੇ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਲੁਟੇਰਿਆਂ ਵਲੋਂ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪਰ ਪੁਲਿਸ ਦੇ ਹੱਥ ਅਜੇ ਤੱਕ ਇੰਨਾ ਲੁਟੇਰਿਆਂ ਦੀ ਪਹੁੰਚ ਤੋਂ ਦੂਰ ਨਜ਼ਰ ਆ ਰਹੇ ਹਨ। ਚੋਰੀ ਦੀਆਂ ਹੀ ਵਾਰਦਾਤਾਂ ਨੂੰ ਅੱਗੇ ਤੋਰਦੇ ਹੋਏ ਪਿੰਡ ਰੂੜੀਵਾਲਾ ਵਿੱਚ ਇੱਕੋ ਰਾਤ ਵਿੱਚ ਚੋਰਾਂ ਵਲੋਂ ਖੇਤਾਂ ਵਿੱਚ ਲੱਗੇ ਹੋਏ ਤਿੰਨ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਵਿਚੋਂ ਮਹਿੰਗੇ ਮੁੱਲ ਦਾ ਤਾਂਬਾ ਅਤੇ ਤੇਲ ਚੋਰੀ ਕਰ ਲੈਣ ਦੀ ਖ਼ਬਰ ਹੈ। ਪੀੜਤ ਕਿਸਾਨ ਜਗਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਉਹ ਸਵੇਰੇ ਜਦ ਆਪਣੇ ਖੇਤਾਂ ਵਿੱਚ ਗਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਖੇਤਾਂ ਵਿੱਚ ਲੱਗਾ 10 ਹਾਰਸ ਪਾਵਰ ਦਾ ਟਰਾਂਸਫਾਰਮਰ ਜ਼ੋ ਕਿ ਸੰਤੋਖ ਸਿੰਘ ਪੁੱਤਰ ਧਰਮ ਸਿੰਘ ਵਾਸੀ ਰੂੜੀਵਾਲਾ ਦੇ ਨਾਮ ਚੱਲਦਾ ਹੈ ਨੂੰ ਚੋਰਾਂ ਵਲੋਂ ਖੰਭੇ ਤੋਂ ਹੇਠਾਂ ਲਾਹ ਕੇ ਉਸ ਵਿਚੋਂ ਮਹਿੰਗੇ ਮੁੱਲ ਦਾ ਤਾਂਬਾ ਅਤੇ ਤੇਲ ਚੋਰੀ ਕਰ ਲਿਆ ਹੈ।ਇਸੇ ਤਰ੍ਹਾਂ ਹੀ ਸੁਖਦੇਵ ਸਿੰਘ ਪੁੱਤਰ ਸਰਵਨ ਸਿੰਘ ਅਤੇ ਕਰਤਾਰ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਰੂੜੀਵਾਲਾ ਦੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਵਿਚੋਂ ਵੀ ਚੋਰ ਤੇਲ ਅਤੇ ਤਾਂਬਾ ਚੋਰੀ ਕਰਕੇ ਲੈ ਗਏ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਸ ਚੋਰੀ ਸੰਬੰਧੀ ਉਨ੍ਹਾਂ ਵਲੋਂ ਐਸ.ਡੀ.ਓ ਪਾਵਰਕਾਮ ਸਰਹਾਲੀ ਅਤੇ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ।
Boota Singh Basi
President & Chief Editor