ਚੰਡੀਗੜ੍ਹ ਖੇਡ ਪ੍ਰਸ਼ਾਸਨ ਵੱਲੋਂ ਗੱਤਕੇ ਦੀ ਪ੍ਰਫੁੱਲਤਾ ਲਈ ਹਰ ਸੰਭਵ ਮੱਦਦ ਦਾ ਭਰੋਸਾ
ਚੰਡੀਗੜ੍ਹ 14 ਨਵੰਬਰ ( ) ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਵੱਲੋਂ ਦੋ ਰੋਜਾ ਚੌਥੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਚੰਡੀਗੜ੍ਹ ਦੀਆਂ ਕੁੱਲ 18 ਟੀਮਾਂ ਦੇ ਕਰੀਬ 120 ਗੱਤਕੇਬਾਜਾਂ ਨੇ ਵੱਖ-ਵੱਖ ਉਮਰ ਵਰਗਾਂ (ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ) ਵਿੱਚ ਭਾਗ ਲਿਆ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਦੀਪ ਸਿੰਘ ਬਾਲੀ ਤੇ ਵਿੱਤ ਸਕੱਤਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੈਕਟਰ 35-ਬੀ ਚੰਡੀਗੜ੍ਹ ਵਿਖੇ ਕਰਵਾਏ ਇਸ ਟੂਰਨਾਮੈਂਟ ਦੌਰਾਨ ਗੱਤਕਾ ਅਖਾੜਾ ਸੈਕਟਰ-49 ਦੇ ਇੰਦਰਜੀਤ ਸਿੰਘ ਨੇ ਸੋਨ ਤਗਮਾ ਜਦਕਿ ਗੱਤਕਾ ਅਖਾੜਾ ਸੈਕਟਰ-41 ਦੇ ਸਰਬਜੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ।
ਪਹਿਲੇ ਦਿਨ ਇਸ ਟੂਰਨਾਮੈਂਟ ਦਾ ਉਦਘਾਟਨ ਚੰਡੀਗਡ਼੍ਹ ਨਗਰ ਨਿਗਮ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ, ਪ੍ਰਧਾਨ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਨੇ ਕੀਤਾ। ਦੂਜੇ ਦਿਨ ਇਨਾਮ ਵੰਡ ਸਮਾਗਮ ਮੌਕੇ ਡਾ. ਸੁਨੀਲ ਰਿਆਤ ਜੁਆਇੰਟ ਡਾਇਰੈਕਟਰ ਖੇਡਾਂ, ਚੰਡੀਗੜ੍ਹ ਪ੍ਰਸ਼ਾਸਨ ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਅਤੇ ਗੁਰਦੁਆਰਾ ਅਸਥਾਪਨ ਕਮੇਟੀ ਸੈਕਟਰ 22, ਚੰਡੀਗੜ੍ਹ ਦੇ ਜਨਰਲ ਸਕੱਤਰ ਸ. ਗੁਰਜੋਤ ਸਿੰਘ ਸਾਹਨੀ, ਮੈਨੇਜਰ ਚਰਨਜੀਤ ਸਿੰਘ ਤੇ ਪ੍ਰਿੰਸੀਪਲ ਪ੍ਰੀਤਇੰਦਰ ਕੌਰ ਆਦਿ ਵੀ ਸ਼ਾਮਲ ਸਨ।
ਡਾ. ਸੁਨੀਲ ਰਿਆਤ ਨੇ ਪੰਚਕੁਲਾ ਵਿਖੇ ਹੋਈਆਂ ਖੇਲੋ ਇੰਡੀਆ ਯੁਵਾ ਖੇਡਾਂ-2021 ਵਿੱਚ ਚੰਡੀਗੜ੍ਹ ਦੇ ਗੱਤਕੇਬਾਜ਼ਾਂ ਦੀ ਕਾਰਗੁਜ਼ਾਰੀ ਉਤੇ ਤਸੱਲੀ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਕੇਂਦਰੀ ਸ਼ਾਸ਼ਤ ਪ੍ਰਦੇਸ਼ ਵਿੱਚ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਚੰਡੀਗੜ੍ਹ ਖੇਡ ਪ੍ਰਸ਼ਾਸਨ ਵੱਲੋਂ ਗੱਤਕਾ ਐਸੋਸੀਏਸ਼ਨ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸ. ਹਰਜੀਤ ਸਿੰਘ ਗਰੇਵਾਲ ਨੇ ਗੱਤਕਾ ਖੇਡ ਵਿੱਚ ਖਿਡਾਰੀਆਂ ਲਈ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਖੇਲੋ ਇੰਡੀਆ ਵੱਲੋਂ ਗੱਤਕਾ ਖਿਡਾਰੀਆਂ ਲਈ ਐਲਾਨੇ ਵਜ਼ੀਫਿਆਂ ਬਾਰੇ ਵੀ ਚਾਨਣਾ ਪਾਇਆ। ਸ. ਗੁਰਜੋਤ ਸਿੰਘ ਸਾਹਨੀ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਦਸੰਬਰ ਮਹੀਨੇ ਕਰਵਾਈ ਜਾਣ ਵਾਲੀ 10ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿੱਪ ਸਮੇਤ ਭਵਿੱਖ ਵਿੱਚ ਹਰ ਤਰ੍ਹਾਂ ਦੇ ਗੱਤਕਾ ਟੂਰਨਾਮੈਂਟ ਕਰਵਾਉਣ ਲਈ ਪੂਰੀ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਚੰਡੀਗਡ਼੍ਹ ਦੀ ਪਰਬਤਾਰੋਹਨ ਰਮਨਜੀਤ ਕੌਰ ਨੂੰ ਵੀ ਉਸ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਤ ਕੀਤਾ ਗਿਆ।