ਚੰਡੀਗੜ੍ਹ ਵਿਖੇ ਨਿਰੰਕਾਰੀ ਸੰਤ ਸਮਾਗਮ ਵਿੱਚ ਪਹੁੰਚਿਆ ਸ਼ਰਧਾਲੂਆਂ ਦਾ ਜਨ-ਸਮੂਹ

0
314
ਹੁਸ਼ਿਆਰਪੁਰ, 5 ਸਤੰਬਰ -ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਗਮਨ ‘ਤੇ ਚੰਡੀਗੜ੍ਹ ਦੇ ਸੈਕਟਰ 34-ਏ ਦੇ ਮੇਲਾ ਗਰਾਊਂਡ ਵਿਖੇ ਵਿਸ਼ਾਲ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਚੰਡੀਗੜ੍ਹ, ਪੰਚਕੂਲਾ, ਮੋਹਾਲੀ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਦੂਰ-ਦੁਰਾਡੇ ਇਲਾਕਿਆਂ ਤੋਂ ਸੰਗਤਾਂ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਸਮਾਗਮ ਦਾ ਆਨੰਦ ਮਾਣਿਆ ਅਤੇ ਸਤਿਗੁਰੂ ਮਾਤਾ ਜੀ ਦੇ ਪਾਵਨ ਪ੍ਰਵਚਨ  ਸੁਣੇ।
ਇਸ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਬ੍ਰਹਮ-ਗਿਆਨ ਦੀ ਪ੍ਰਾਪਤੀ ਨਾਲ ਹੀ ਭਰਮ ਖਤਮ ਹੁੰਦੇ ਹਨ ਅਤੇ ਇਸ ਨਾਲ ਸਾਡੀ ਵਿਚਾਰਧਾਰਾ ਵਿਸ਼ਾਲ ਹੁੰਦੀ ਹੈ। ਉਨ੍ਹਾਂ ਇਸ ਗੱਲ ਨੂੰ ਇਕ ਉਦਾਹਰਣ ਰਾਹੀਂ ਸਮਝਾਉਂਦੇ ਹੋਏ ਕਿਹਾ ਕਿ ਜਿਵੇਂ ਖੂਹ ਦੇ ਡੱਡੂ ਲਈ ਉਸਦਾ ਦਾਇਰਾ ਸਿਰਫ ਖੂਹ ਹੀ ਹੁੰਦਾ ਹੈ, ਪਰ ਸਮੁੰਦਰ ਦੇ ਡੱਡੂ ਦਾ ਦਾਇਰਾ ਵਿਸ਼ਾਲ ਹੁੰਦਾ ਹੈ। ਇਸੇ ਤਰ੍ਹਾਂ ਸਾਨੂੰ ਆਪਣੀ ਤੰਗਦਿਲੀ ਤੋਂ ਉੱਪਰ ਉੱਠ ਕੇ ਇਸ ਵਿਸ਼ਾਲ ਪ੍ਰਭੂ-ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ। ਇਸ ਵਿਸ਼ਾਲ ਪਰਮਾਤਮਾ ਨੂੰ ਜਾਨਣਾ ਚਾਹੀਦਾ ਹੈ ਅਤੇ ਪਿਆਰ, ਦਇਆ ਅਤੇ ਸਹਿਣਸ਼ੀਲਤਾ ਦੀ ਭਾਵਨਾ ਨਾਲ ਆਪਣੀ ਵਿਚਾਰਧਾਰਾ ਦਾ ਦਾਇਰਾ ਵੱਡਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਘਰ, ਪਰਿਵਾਰ ਅਤੇ ਸਮਾਜ ਦੀ ਸੋਚ ਦਾ ਦਾਇਰਾ ਸੀਮਿਤ ਕਰਦੇ ਜਾ ਰਹੇ ਹਾਂ, ਉਸ ਦਾਇਰੇ ਅਤੇ ਚੰਗੀ ਵਿਚਾਰਧਾਰਾ ਨੂੰ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਤਿਗੁਰੂ ਮਾਤਾ ਜੀ ਨੇ ਕਿਹਾ ਕਿ ਸਤਿਸੰਗ, ਸੇਵਾ ਅਤੇ ਸਿਮਰਨ ਨਾਲ ਹੀ ਨਿਮਰਤਾ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਲਈ ਨਿਰੰਕਾਰ ਪ੍ਰਭੂ ਦਾ ਅਹਿਸਾਸ ਰੱਖਦੇ ਹੋਏ, ਸੰਸਾਰਕ ਰੂਪ ਵਿੱਚ ਵੀ ਆਪਣੀਆਂ ਸਾਕਾਰਾਤਮਿਕ ਸੇਵਾਵਾਂ ਨਿਭਾਉਂਦੇ ਰਹਿਣਾ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜਨਮ ਪ੍ਰਾਪਤ ਹੋਣ ਤੋਂ ਬਾਅਦ ਆਲਸ ਦਾ ਤਿਆਗ ਕਰਦੇ ਹੋਏ ਪ੍ਰਭੂ-ਪ੍ਰਮਾਤਮਾ ਦੀ ਜਾਣਕਾਰੀ ਹਾਸਿਲ ਕਰਕੇ ਆਪਣੇ ਜੀਵਨ ਨੂੰ ਉੱਤਮ ਅਤੇ ਸਫਲ ਬਣਾਈਏ। ਮੈਂਬਰ ਇੰਚਾਰਜ, ਬ੍ਰਾਂਚਜ਼, ਸੰਤ ਨਿਰੰਕਾਰੀ ਮੰਡਲ, ਸ਼੍ਰੀ ਐਚ.ਐਸ. ਚਾਵਲਾ ਜੀ ਨੇ ਕਿਹਾ ਕਿ ਸਤਿਗੁਰੂ ਬ੍ਰਹਮ ਗਿਆਨ ਦੀ ਰੌਸ਼ਨੀ ਦੇ ਕੇ ਮਨ ਨੂੰ ਪ੍ਰਕਾਸ਼ਮਾਨ ਕਰਦੇ ਹਨ ਅਤੇ ਜੀਵਨ ਵਿੱਚੋਂ ਅਗਿਆਨਤਾ ਨੂੰ ਦੂਰ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਆਲ ਇਜ਼ ਵੈਲ’ ਉਦੋਂ ਹੀ ਸੰਭਵ ਹੈ ਜਦੋਂ ‘ਆਲ ਇਸਦੀ ਵਿੱਲ’ ਹੁੰਦੀ ਹੈ, ਭਾਵ ਕਿ ਜੋ ਕੁਝ ਵੀ ਹੋ ਰਿਹਾ ਹੈ, ਚੰਗੇ ਲਈ ਹੋ ਰਿਹਾ ਹੈ ਅਤੇ ਸਭ ਕੁਝ ਪ੍ਰਭੂ-ਪ੍ਰਮਾਤਮਾ ਦੀ ਇੱਛਾ ਅਨੁਸਾਰ ਹੀ ਹੋ ਰਿਹਾ ਹੈ।
ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ, ਸ਼੍ਰੀ ਕੇ.ਕੇ. ਕਸ਼ਯਪ ਜੀ ਨੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਚੰਡੀਗੜ੍ਹ ਪਹੁੰਚਣ ‘ਤੇ ਧੰਨਵਾਦ ਕੀਤਾ। ਉਨ੍ਹਾਂ ਸਮੂਹ ਪਤਵੰਤੇ ਸੱਜਣਾ ਅਤੇ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਦਾ ਚੰਡੀਗੜ੍ਹ ਸਮਾਗਮ ਵਿੱਚ ਆਉਣ ਲਈ ਧੰਨਵਾਦ ਕੀਤਾ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਵਿਭਾਗ, ਨਗਰ ਨਿਗਮ ਅਤੇ ਹੋਰ ਸਾਰੇ ਵਿਭਾਗਾਂ ਵੱਲੋਂ ਦਿੱਤੇ ਵਿਸ਼ੇਸ਼ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਸਹਿਯੋਗ ਦੇਣ ਵਾਲੇ ਸਮੂਹ ਤੇ ਸਹਿਯੋਗੀਆਂ ਲਈ ਸਤਿਗੁਰੂ ਮਾਤਾ ਜੀ ਦੇ ਚਰਨਾਂ ਤੋਂ ਆਸ਼ੀਰਵਾਦ ਲਈ ਅਰਦਾਸ ਕੀਤੀ।

LEAVE A REPLY

Please enter your comment!
Please enter your name here