ਕਾਂਗਰਸ ਦੀ ਮਾੜੀ ਹਾਲਤ ਬਾਰੇ ਸੱਚ ਬੋਲਣ ਲਈ ਚੰਨੀ ਵਧਾਈ ਦੇ ਹੱਕਦਾਰ: ਭਾਜਪਾ
ਚੰਡੀਗੜ੍ਹ, 9 ਜੂਨ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੀਐੱਚਡੀ ਥੀਸਿਸ ‘ਤੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਸਪੱਸ਼ਟੀਕਰਨ ਮੰਗਿਆ ਹੈ, ਜਿਸ ਵਿੱਚ ਚੰਨੀ ਨੇ ਕਾਂਗਰਸ ਪਾਰਟੀ ਦੀ ਮਾੜੀ ਹਾਲਤ ਲਈ ਚਮਚਾਗਿਰੀ ਨੂੰ ਮੁੱਖ ਕਾਰਨ ਦੱਸਿਆ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਸ਼ੇਰਗਿੱਲ ਨੇ ਇਲੈਕਟ੍ਰਾਨਿਕ ਮੀਡੀਆ ਵਿੱਚ ਆਈਆਂ ਖਬਰਾਂ ਦਾ ਹਵਾਲਾ ਦਿੱਤਾ ਕਿ ਚੰਨੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪੀਐਚਡੀ ਕੀਤੀ ਹੈ ਅਤੇ ਉਨ੍ਹਾਂ ਦੀ ਖੋਜ ਦਾ ਵਿਸ਼ਾ ਇੰਡੀਅਨ ਨੈਸ਼ਨਲ ਕਾਂਗਰਸ: 2004 ਤੋਂ ਲੋਕ ਸਭਾ ਚੋਣਾਂ ਵਿੱਚ ਕੇਂਦਰੀ ਸੰਗਠਨ ਅਤੇ ਚੋਣ ਰਣਨੀਤੀਆਂ ਦਾ ਅਧਿਐਨ, ਸੀ।
ਸ਼ੇਰਗਿੱਲ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੰਨੀ ਦੇ ਥੀਸਿਸ ਦੀ ਰਿਸਰਚ ਦੀ ਮੁੱਖ ਖੋਜ਼ ਇਹ ਹੈ ਕਿ ਕਾਂਗਰਸ ਦੀ ਵਿਨਾਸ਼ਕਾਰੀ ਸਥਿਤੀ ਦਾ ਮੁੱਖ ਕਾਰਨ ਚਮਚਾਗਿਰੀ ਹੈ। ਚਾਪਲੂਸਾਂ ਦਾ ਪਾਰਟੀ ਵਿਚ ਵਿਸ਼ੇਸ਼ ਸਥਾਨ ਹੈ ਅਤੇ ਕਾਂਗਰਸ ਲੀਡਰਸ਼ਿਪ ਉਨ੍ਹਾਂ ‘ਤੇ ਨਿਰਭਰ ਹੈ। ਕਾਂਗਰਸ ਵਿੱਚ ਅਜਿਹੇ ਲੋਕਾਂ ਦਾ ਟੋਲਾ ਤੇਜ਼ੀ ਨਾਲ ਵਧ ਰਿਹਾ ਹੈ। ਜਿਸ ‘ਤੇ ਕਾਂਗਰਸ ਲੀਡਰਸ਼ਿਪ ‘ਚ ਖੁਦ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਸ਼ੇਰਗਿੱਲ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਚੰਨੀ ਦੇ ਥੀਸਿਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਕਾਂਗਰਸ ਦੀਆਂ ਸੂਬਾਈ ਇਕਾਈਆਂ ਵਿਚ ਆਪਸੀ ਖਿੱਚੋਤਾਣ ਸਿਖਰ ‘ਤੇ ਹੈ ਅਤੇ ਸਥਾਨਕ ਨੇਤਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਦੀ ਸੂਬਾਈ ਲੀਡਰਸ਼ਿਪ ਨੂੰ ਵੀ ਚੰਨੀ ਦੇ ਥੀਸਿਸ ‘ਤੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਰਾਹੁਲ ਗਾਂਧੀ ਦੇ ਤਰੀਕਿਆਂ ਕਾਰਨ ਸੰਗਠਨ ਨੂੰ ਕਮਜ਼ੋਰ ਮਹਿਸੂਸ ਕਰਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਚੰਨੀ ਜੋ ਕਹਿ ਰਿਹਾ ਹੈ, ਉਹ ਇਕ ਕੌੜਾ ਸੱਚ ਹੈ। ਅਸੀਂ ਚੰਨੀ ਨੂੰ ਹਿੰਮਤ ਦਿਖਾਉਣ ਅਤੇ ਸੱਚ ਬੋਲਣ ਲਈ ਵਧਾਈ ਦਿੰਦੇ ਹਾਂ।
ਸ਼ੇਰਗਿੱਲ ਨੇ ਇਹ ਵੀ ਦੱਸਿਆ ਕਿ ਜਦੋਂ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਸੀ, ਤਾਂ ਉਨ੍ਹਾਂ ਨੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ ਕਿ ਚਮਚਾਗਿਰੀ ਕਾਂਗਰਸ ਨੂੰ ਦੀਮਕ ਵਾਂਗ ਖਾ ਰਹੀ ਹੈ। ਭਾਜਪਾ ਦੇ ਬੁਲਾਰੇ ਨੇ ਮੰਗ ਕੀਤੀ ਕਿ ਹੁਣ ਸਾਬਕਾ ਮੁੱਖ ਮੰਤਰੀ ਚੰਨੀ, ਜਿਨ੍ਹਾਂ ਨੂੰ ਖੁਦ ਰਾਹੁਲ ਗਾਂਧੀ ਨੇ ਚੁਣਿਆ ਸੀ, ਨੇ ਆਪਣੇ ਥੀਸਿਸ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਜਿਸ ਤੇ ਖੜਗੇ ਨੂੰ ਤੁਰੰਤ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।