ਸੰਗਰੂਰ, 22 ਮਾਰਚ, 2024: ਪਿਛਲੇ ਦਿਨੀਂ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਨੂੰ ਕੰਧਾਂ ਟੱਪ ਕੇ ਗਦਰ ਮੈਮੋਰੀਅਲ ਭਵਨ ਸੰਗਰੂਰ ਵਿੱਚ ਛਾਪੇਮਾਰੀ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਵਿਦਿਆਰਥੀ ਆਗੂ ਸੁਖਦੀਪ ਹਥਨ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੈਣ ਅਤੇ ਮਜ਼ਦੂਰ ਜਥੇਬੰਦੀ ਦਾ ਰਿਕਾਰਡ, ਝੰਡੇ, ਪੋਸਟਰ ਵਗੈਰਾ ਜਬਤ ਕਰਨ ਅਤੇ ਬਿਨਾਂ ਲੇਡੀਜ ਪੁਲਿਸ ਤੋਂ ਸ਼ਾਦੀਹਰੀ ਪਿੰਡ ਵਿੱਚ ਘਰਾਂ ਵਿੱਚ ਵੜ ਕੇ ਔਰਤਾਂ ਨੂੰ ਜਲੀਲ ਕਰਨ ਦੇ ਖ਼ਿਲਾਫ਼ ਜਨਤਕ ਜਥੇਬੰਦੀਆਂ ਵੱਲੋਂ ਪਹਿਲਾਂ ਕੀਤੇ ਐਲਾਨ ਤਹਿਤ ਅੱਜ ਸਥਾਨਕ ਦਾਣਾ ਮੰਡੀ ਵਿਖੇ ਕਿਸਾਨਾਂ ਮਜ਼ਦੂਰਾਂ ਦਾ ਵਿਸਾਲ ਇਕੱਠ ਕੀਤਾ ਗਿਆ ਉੱਥੇ ਰੈਲੀ ਕਰਨ ਤੋਂ ਉਪਰੰਤ ਭਗਤ ਸਿੰਘ ਚੌਂਕ, ਸੁਨਾਮੀ ਗੇਟ, ਵੱਡਾ ਚੌਂਕ ਹੁੰਦੇ ਹੋਏ ਮੁੱਖ ਬਾਜ਼ਾਰ ਵਿੱਚੋਂ ਦੀ ਰੋਸ ਮੁਜ਼ਾਹਰਾ ਕਰਦਿਆਂ ਲਾਈਟਾਂ ਵਾਲੇ ਚੌਂਕ ਵਿੱਚ ਜਾਮ ਲਾਇਆ ਗਿਆ। ਜਿੱਥੇ ਪਹੁੰਚ ਕੇ ਡਿਊਟੀ ਮੈਜਿਸਟਰੇਟ ਨੇ ਆਗੂਆਂ ਤੋਂ ਮੰਗ ਪੱਤਰ ਹਾਸਿਲ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਮਿੰਦਰ ਸਿੰਘ ਪਟਿਆਲਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਉੱਦਮ ਸਿੰਘ ਸੰਤੋਖਪੁਰਾ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬਟੜਿਆਣਾ, ਸੀਟੀਯੂ ਦੇ ਸੂਬਾ ਪ੍ਰਧਾਨ ਕਾਮਰੇਡ ਦੇਵਰਾਜ ਵਰਮਾ, ਏਟਕ ਦੇ ਸੂਬਾ ਪ੍ਰਧਾਨ ਸੁਖਦੇਵ ਸ਼ਰਮਾ, ਬੀਕੇਯੂ ਡਕੌਂਦਾ ਧਨੇਰ ਦੇ ਜ਼ਿਲ੍ਹਾ ਆਗੂ ਰਣਧੀਰ ਸਿੰਘ ਭੱਟੀਵਾਲ, ਬੀਕੇਯੂ ਡਕੌਂਦਾ ਬੁਰਜ ਗਿੱਲ ਦੇ ਆਗੂ ਨਾਜਮ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਸੰਘਰਸ਼ਸੀਲ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ 10 ਮਾਰਚ ਦੀ ਰਾਤ ਨੂੰ ਬਿਨਾਂ ਵਰਦੀ ਤੋਂ ਧਾੜਵੀਆਂ ਵਾਂਗ ਗ਼ਦਰ ਭਵਨ ਦੀਆਂ ਕੰਧਾਂ ਟੱਪ ਕੇ ਜੋ ਕਾਰਵਾਈ ਕੀਤੀ ਗਈ ਹੈ ਇਹ ਅਤਿ ਨਿੰਦਣਯੋਗ ਅਤੇ ਨਾ ਬਰਦਾਸਤਯੋਗ ਹੈ। ਆਗੂਆਂ ਨੇ ਮੰਗ ਕੀਤੀ ਕਿ ਨਜਾਇਜ਼ ਛਾਪੇਮਾਰੀ ਅਤੇ ਗਿਰਫਤਾਰੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ,ਦਫਤਰ ਵਿੱਚੋਂ ਜਬਤ ਕੀਤਾ ਰਿਕਾਰਡ ਵਾਪਸ ਕੀਤਾ ਜਾਵੇ ਅਤੇ ਅੱਗੇ ਤੋਂ ਅਜਿਹੀ ਕਾਰਵਾਈ ਨਾ ਹੋਣਾ ਯਕੀਨੀ ਬਣਾਇਆ ਜਾਵੇ। ਅਖੀਰ ਵਿੱਚ ਮੰਗ ਪੱਤਰ ਦੇਣ ਤੋਂ ਬਾਅਦ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਧਰਮਵੀਰ ਸਿੰਘ ਹਰੀਗੜ੍ਹ ਨੇ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜਨਰਲ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਖੇਤੀਬਾੜੀ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰਪਾਲ ਸਿੰਘ ਭੱਠਲ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਮਾਸਟਰ ਪਰਮਵੇਦ, ਬੀਕੇਯੂ ਰਾਜੇਵਾਲ ਦੇ ਆਗੂ ਗੁਰਜੀਤ ਸਿੰਘ ਭੜੀ, ਬੀਕੇਯੂ ਡਕੌਂਦਾ ਧਨੇਰ ਦੇ ਆਗੂ ਜਗਤਾਰ ਸਿੰਘ ਦੁੱਗਾਂ, ਮੱਖਣ ਸਿੰਘ ਦੁੱਗਾਂ ਕਰਮਜੀਤ ਸਿੰਘ ਗੰਡੇਵਾਲ, ਡੈਮੋਕਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸੂਬਾ ਆਗੂ ਰਘਵੀਰ ਸਿੰਘ ਭਵਾਨੀਗੜ੍ਹ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਕੌਰ ਲੌਂਗੋਵਾਲ, ਮੁਲਾਜ਼ਮ ਆਗੂ ਮੁਹੰਮਦ ਖਲੀਲ ਸਮੇਤ ਵੱਡੀ ਗਿਣਤੀ ਆਗੂਆਂ ਨੇ ਸੰਬੋਧਨ ਕੀਤਾ।