ਜਨਰੇਟਰ ਤੋਂ ਸਮਾਨ ਚੋਰੀ ਕਰਨ ਵਾਲਾ ਇਕ ਵਿਅਕਤੀ ਗਿ੍ਫ਼ਤਾਰ
ਕਪੂਰਥਲਾ 15 ਸਤੰਬਰ (ਸੁਖੀਜਾ)
ਥਾਣਾ ਢਿਲਵਾਂ ਪੁਲਿਸ ਨੇ ਪਿੰਡ ਜਾਤੀਕੇ ਵਿਖੇ ਜਨਰੇਟਰ ਤੋਂ ਸਮਾਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿਲਵਾਂ ਮੁਖੀ ਰਮਨਦੀਪ ਕੁਮਾਰ ਨੇ ਦੱਸਿਆ ਕਿ ਹਰਜਿੰਦਰ ਕੌਰ ਵਾਸੀ ਪਿੰਡ ਜਾਤੀਕੇ ਨੇ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੇ ਗੇਟ ਦੇ ਬਾਹਰ ਜਨਰੇਟਰ ਲੱਗਾ ਹੈ ਤੇ ਰਾਤ ਸਮੇਂ ਕੋਈ ਵਿਅਕਤੀ ਆਲਟੀਨੇਟਰ ਚੋਰੀ ਕਰਕੇ ਜਾ ਰਿਹਾ ਸੀ ਤਾਂ ਕੁੱਤਿਆਂ ਦੇ ਭੌਂਕਣ ‘ਤੇ ਜਦੋਂ ਉਹ ਬਾਹਰ ਆਈ ਤਾਂ ਦੇਖਿਆ ਕਿ ਮੰਨੂ ਉਰਫ਼ ਸੰਤੋਖ ਸਿੰਘ ਵਾਸੀ ਪੱਤੜਾਂ ਖ਼ੁਰਦ ਹਾਲ ਵਾਸੀ ਜਾਤੀਕੇ ਜਨਰੇਟਰ ਨਾਲ ਲੱਗਾ ਆਲਟੀਨੇਟਰ ਲੈ ਕੇ ਜਾ ਰਿਹਾ ਸੀ ਤੇ ਥੋੜੀ ਦੂਰੀ ‘ਤੇ ਮਿੱਠੂ ਵਾਸੀ ਭੂਲੋਵਾਲ ਸਕੂਟਰ ਲੈ ਕੇ ਖੜਾ ਸੀ | ਮੇਰੇ ਵਲੋਂ ਰੌਲਾ ਪਾਉਣ ‘ਤੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ | ਜਿਸ ‘ਤੇ ਥਾਣਾ ਢਿਲਵਾਂ ਪੁਲਿਸ ਨੇ ਦੋਵਾਂ ਵਿਰੁੱਧ ਕੇਸ ਦਰਜ ਕਰ ਲਿਆ | ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਦਿਆਂ ਏ.ਐਸ.ਆਈ. ਮੂਰਤਾ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਥਿਤ ਦੋਸ਼ੀ ਮੰਨੂ ਨੂੰ ਮਿਆਣੀ ਅੱਡੇ ਤੋਂ ਗਿ੍ਫ਼ਤਾਰ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਜਦਕਿ ਦੂਜੇ ਦੋਸ਼ੀ ਦੀ ਭਾਲ ਹੇਠ ਛਾਪੇਮਾਰੀ ਕੀਤੀ ਜਾ ਰਹੀ ਹੈ |