ਮਜੀਠਾ/ਅੰਮ੍ਰਿਤਸਰ 28 ਮਈ -ਮਜੀਠਾ ਕਸਬੇ ਨੇੜੇ ਪਿੰਡ ਨਾਗ ਕਲਾਂ ਦੇ 20 ਸਾਲਾ ਐਸ.ਸੀ.ਸਮਾਜ ਦਾ ਨੌਜਵਾਨ ਜਿਸ ਦੀ ਬੀਤੇ ਦਿਨੀਂ ਨਸ਼ੇ ਕਾਰਨ ਮੌਤ ਹੋ ਗਈ ਸੀ ਦੇ ਪਿਤਾ ਮਨਜੀਤ ਸਿੰਘ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਹੁਣ ਮੇਰੀ ਇੱਕੋ ਇੱਕ ਆਸ ਸੰਧੂ ਸਮੁੰਦਰੀ ਤੋਂ ਹੈ ਕਿ ਉਹ ਮੇਰੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਵੇਗਾ। ਅਸੀਂ ਉਸ ਨੂੰ ਚੁਣ ਕੇ ਪਾਰਲੀਮੈਂਟ ਵਿੱਚ ਭੇਜਾਂਗੇ ਤਾਂ ਜੋ ਉਹ ਇਸ ਮੁੱਦੇ ਨੂੰ ਉਠਾ ਸਕਣ ਅਤੇ ਨਸ਼ਿਆਂ ਵਿਰੁੱਧ ਵਿਆਪਕ ਜੰਗ ਛੇੜ ਸਕਣ।
ਤਰਨਜੀਤ ਸਿੰਘ ਸੰਧੂ ਜੋ ਕਿ ਨਾਗ ਕਲਾਂ ਵਿਖੇ ਉਕਤ ਐਸ.ਸੀ ਭਾਈਚਾਰੇ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ, ਨੇ ਦੇਖਿਆ ਕਿ ਮਾਂ ਨਸ਼ੇ ਕਾਰਨ ਮੌਤ ਹੋਈ ਆਪਣੇ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਦੇ ਕਾਤਲਾਂ ਨੂੰ ਲੱਭ ਕੇ ਸਜ਼ਾ ਦਿਵਾਉਣ ਲਈ ਤਰਲੇ ਕਰ ਰਹੀ ਸੀ। ਸੰਧੂ ਸਮੁੰਦਰੀ ਨੇ ਪੂਰੀ ਤਲਖ਼ੀ ’ਚ ਆਉਂਦਿਆਂ ਕਿਹਾ, ’’ਵਿਕਾਸ ਦੇ ਦਾਅਵੇ ਕਰਨ ਵਾਲੇ ਲੀਡਰ ਆਹ ਜਿਹੜਾ ਇਕ ਮਾਝੇ ਦਾ ਜਰਨੈਲ ਬਣਿਆ ਫਿਰਦਾ, ਉਹਨੂੰ ਇਹ ਨਹੀਂ ਪਤਾ ਆਪਣੇ ਇਲਾਕੇ ’ਚ ਨਸ਼ੇ ਕਿਵੇਂ ਵਿਕ ਰਹਾ। ਸ਼ਰਮ ਆਉਣੀ ਚਾਹੀਦੀ ਹੈ, ਇਥੇ ਆ ਕੇ ਇਨ੍ਹਾਂ ਮਾਂਵਾਂ ਨੂੰ ਦੇਖੇ, ਜਿਨ੍ਹਾਂ ਦੇ ਪੁੱਤਰ ਨਸ਼ਿਆਂ ਕਾਰਨ ਖ਼ਤਮ ਹੋ ਰਹੇ ਹਨ। ’’
ਉਹਨਾਂ ਕਿਹਾ ਕਿ ਐਮ.ਪੀ ਸਾਹਬ ਇਹ ਨਹੀਂ ਦੇਖਦੇ ਕਿ ਪੂਰੇ ਅੰਮ੍ਰਿਤਸਰ ਵਿੱਚ ਨਸ਼ਾ ਇੱਕ ਵੱਡੀ ਸਮੱਸਿਆ ਹੈ। ਇਸ ਵਿਰੁੱਧ ਕਦੀ ਅਵਾਜ਼ ਨਹੀਂ ਉਠਾਈ । ਪ੍ਰਸ਼ਾਸਨ ਨੂੰ ਕਦੀ ਪੁੱਛਿਆ ਨਹੀਂ ਕਿ ਇਹ ਸਭ ਕੀ ਹੋ ਰਿਹਾ ਹੈ? ਨਾ ਕਦੀ ਨਸ਼ੇ ਨਾਲ ਪੀੜਤ ਲੋਕਾਂ ਦੇ ਘਰਾਂ ਦਾ ਗੇੜਾ ਕੱਢਿਆ। ਐਮ ਪੀ ਇੱਕ ਵਾਰ ਇੱਥੇ ਆਵੇ ਅਤੇ ਇਸ ਮਾਂ ਨੂੰ ਰੋਂਦਿਆਂ ਦੇਖੇ।
ਪੀੜਤ ਅਤੇ ਦੁਖੀ ਪਰਿਵਾਰ ਨੂੰ ਮਿਲਣ ਪਹੁੰਚੇ ਸੰਧੂ ਸਮੁੰਦਰੀ ਨੇ ਉਨ੍ਹਾਂ ਦਾ ਰਸਤਾ ਰੋਕਣ ਵਾਲਿਆਂ ਬਾਰੇ ਕਿਹਾ ਕਿ ਕੀ ਇਹ ਲੋਕ ਪੰਜਾਬੀਅਤ ਦੀ ਤਮੀਜ਼ ਭੁੱਲ ਗਏ ਹਨ? ਕਦੇ ਇਹ ਲੋਕ ਗੁਰਦੁਆਰੇ ਜਾਣ ’ਤੇ ਰਸਤਾ ਰੋਕਦੇ ਹਨ, ਅੱਜ ਤਾਂ ਹੱਦ ਹੀ ਹੋ ਗਈ ਐਸ ਸੀ ਸਮਾਜ ਦੇ ਨਸ਼ੇ ਕਾਰਨ ਹੀ ਮੌਤ ’ਤੇ ਪਰਿਵਾਰ ਨਾਲ ਦੁਖ ਵੰਡਾਉਣ ਜਾ ਰਹੇ ਸਾਂ ਕਿ ਇਨ੍ਹਾਂ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੂੰ ਪੁੱਛੋ ਮਹਿਜ਼ ਸੌ ਮੀਟਰ ’ਤੇ ਪੀੜਤ ਪਰਿਵਾਰ ਦਾ ਘਰ ਹੈ, ਕੀ ਇਹ ਦੁੱਖ ਵੰਡਾਉਣ ਪਹੁੰਚੇ ਹਨ? ਮੈਂ ਕਦੀ ਇਹ ਨਹੀਂ ਸੁਣਿਆ ਕਿ ਇਹਨਾਂ ਲੋਕਾਂ ਨੇ ਨਸ਼ਿਆਂ ਵਿਰੁੱਧ ਕੋਈ ਘੇਰਾਉ ਕੀਤਾ ਹੋਵੇ। ਜਿਸ ਦਾ ਘਿਰਾਓ ਕਰਦੇ ਹਨ ਉਹ ਸੰਧੂ ਨਸ਼ਿਆਂ ਦੇ ਖਿਲਾਫ ਹੈ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਯਤਨਸ਼ੀਲ ਹੈ। ਸੰਧੂ ਸਮੁੰਦਰੀ ਨੇ ਕਿਹਾ ਕਿ ਮੈਂ ਨਸ਼ਿਆਂ ਵਿਰੁੱਧ ਲੜਨ ਅਤੇ ਕਾਨੂੰਨ ਵਿਵਸਥਾ ਨੂੰ ਸੁਧਾਰਨ ਲਈ ਵਚਨਬੱਧ ਹਾਂ। ਅੱਜ ਦੇ ਪੰਜਾਬ ਨੂੰ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ। ਉਨ੍ਹਾਂ ਨਸ਼ਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਤਬਾਹ ਕਰਨ ‘ਤੇ ਤੁਲੇ ਹੋਏ ਨਸ਼ੇ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਹਨ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਜਵਾਬਦੇਹ ਬਣਾਵਾਂਗਾ। ਅੰਮ੍ਰਿਤਸਰ ਸਥਿਤ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫ਼ਤਰ ਰਾਹੀਂ ਨਸ਼ਿਆਂ ਦੇ ਖ਼ਾਤਮੇ ਲਈ ਠੋਸ ਕਦਮ ਚੁੱਕੇ ਜਾਣਗੇ ਅਤੇ ਚੌਕਸੀ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇ ਕੇ ਮੁੜ ਵਸੇਬਾ ਕੀਤਾ ਜਾਵੇਗਾ। ਉਨ੍ਹਾਂ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਡਰੱਗ ਰੀਹੈਬਲੀਟੇਸ਼ਨ ਹਸਪਤਾਲ ਬਣਾਉਣ ਅਤੇ ਅਮਰੀਕਾ ਤੋਂ ਮੁਫ਼ਤ ਦਵਾਈਆਂ ਉਪਲਬਧ ਕਰਵਾਉਣ ਦਾ ਵਾਅਦਾ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਅਤੇ ਅਮਨ-ਕਾਨੂੰਨ ਨੂੰ ਬਹਾਲ ਕਰਨ ਲਈ ਭਾਜਪਾ ਨੂੰ ਜਿੱਤ ਦਿਵਾਉਣ।