ਜਲੰਧਰ ਚੋਣਾਂ ‘ਚ ਦਿੱਤੀ ਮੀਟਿੰਗ ਤੋਂ ਭੱਜੇ ਮੁੱਖ ਮੰਤਰੀ: 3704 ਅਧਿਆਪਕ ਯੂਨੀਅਨ ਪੰਜਾਬ ਰੋਸ ਵਜੋਂ ਮੁੱਖ ਮੰਤਰੀ ਦੇ ਹਰੇਕ ਪ੍ਰੋਗਰਾਮ ਵਿੱਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ
ਜਲੰਧਰ ਚੋਣਾਂ ‘ਚ ਦਿੱਤੀ ਮੀਟਿੰਗ ਤੋਂ ਭੱਜੇ ਮੁੱਖ ਮੰਤਰੀ: 3704 ਅਧਿਆਪਕ ਯੂਨੀਅਨ ਪੰਜਾਬ
ਰੋਸ ਵਜੋਂ ਮੁੱਖ ਮੰਤਰੀ ਦੇ ਹਰੇਕ ਪ੍ਰੋਗਰਾਮ ਵਿੱਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ
ਦਲਜੀਤ ਕੌਰ
ਸੰਗਰੂਰ, 17 ਜੁਲਾਈ, 2024: 3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ 25 ਜੂਨ ਨੂੰ ਜਲੰਧਰ ਵਿਖੇ ਰੋਸ ਰੈਲੀ ਕੀਤੀ ਗਈ ਸੀ। ਇਸ ਉਪਰੰਤ 28 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਫਗਵਾੜਾ ‘ਚ ਪੈਨਲ ਮੀਟਿੰਗ ਹੋਈ ਸੀ। ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਅਸੀਂ ਮੰਗ ਰੱਖੀ ਸੀ ਕਿ ਸਾਡੀ 3704 ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ ਪਹਿਲਾਂ ਦਾ ਹੋਣ ਕਰਕੇ ਸਾਡੇ ਤੇ ਪੰਜਾਬ ਪੇਅ ਸਕੇਲ ਬਹਾਲ ਹੋਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਹੋਈ ਵਿਚਾਰ ਚਰਚਾ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਜਥੇਬੰਦੀ ਨੂੰ 17 ਜੁਲਾਈ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾ ਦਿੱਤਾ ਅਤੇ ਉੱਚ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਸੀ ਕੀ ਅਗਲੀ ਮੀਟਿੰਗ ਦੌਰਾਨ ਐਡਵੋਕੇਟ ਜਨਰਲ ਪੰਜਾਬ ਨੂੰ 17 ਜੁਲਾਈ ਦੀ ਮੀਟਿੰਗ ਵਿੱਚ ਬੁਲਾਇਆ ਜਾਵੇ। ਜੇਕਰ ਐਡਵੋਕੇਟ ਜਨਰਲ ਇਸ ਗੱਲ ਤੇ ਸਹਿਮਤੀ ਦਿੰਦੇ ਹਨ ਕਿ 17 ਜੁਲਾਈ ਤੋਂ ਪਹਿਲਾਂ ਦੇ ਇਸ਼ਤਿਹਾਰ ਵਾਲੀ ਭਰਤੀ ਤੇ ਪੰਜਾਬ ਪੇਅ ਸਕੇਲ ਲਾਗੂ ਕਰਨ ਨਾਲ ਕੋਈ ਕਾਨੂੰਨੀ ਅੜਚਨ ਨਹੀਂ ਆਉਂਦੀ ਤਾਂ ਅਸੀਂ ਇਸ ਭਰਤੀ ਤੇ ਪੰਜਾਬ ਪੇਅ ਸਕੇਲ ਲਾਗੂ ਕਰ ਦਿੱਤੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦਫ਼ਤਰ ਨਾਲ ਤਾਲਮੇਲ ਤੋਂ ਬਾਅਦ ਪਤਾ ਲੱਗਾ ਹੈ ਕਿ 17 ਜੁਲਾਈ ਨੂੰ ਕੋਈ ਮੀਟਿੰਗ ਨਹੀਂ ਹੈ। ਇਸ ਤਰਾਂ ਮੁੱਖ ਮੰਤਰੀ ਦੁਆਰਾ ਆਪਣੇ ਮੀਟਿੰਗ ਦੇ ਵਾਅਦੇ ਤੋਂ ਭੱਜਣ ਕਾਰਨ ਅਧਿਆਪਕ ਜਥੇਬੰਦੀ ਚ ਭਾਰੀ ਰੋਸ ਹੈ। ਆਗੂਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਮੁੱਖ ਮੰਤਰੀ ਆਪਣੇ ਵਾਅਦੇ ਮੁਤਾਬਿਕ ਜਲਦੀ ਸਾਡੇ ਨਾਲ ਮੀਟਿੰਗ ਕਰਕੇ ਸਾਡਾ ਮਸਲਾ ਹੱਲ ਨਹੀਂ ਕਰਦੇ ਤਾਂ ਭਵਿੱਖ ਵਿੱਚ ਮੁੱਖ ਮੰਤਰੀ ਪੰਜਾਬ ਦੇ ਹਰੇਕ ਪ੍ਰੋਗਰਾਮ ਦੌਰਾਨ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਜਾਵੇਗਾ ਅਤੇ ਅਗਾਊਂ ਜਿਮਨੀ ਚੋਣਾ ਦੌਰਾਨ ਵੀ ਲੋਕ ਸਭਾ ਚੋਣਾ ਵਾਂਗ ਪੰਜਾਬ ਪੇਅ ਸਕੇਲ ਨਹੀਂ ਤਾਂ ਵੋਟ ਨਹੀਂ ਮੁਹਿੰਮ ਚਲਾਈ ਜਾਵੇਗੀ ਤੇ 4 ਵਿਧਾਨ ਸਭਾ ਹਲਕਿਆਂ ਵਿੱਚ ਰੋਸ ਰੈਲੀਆਂ ਕੀਤੀਆ ਜਾਣਗੀਆਂ।
ਇਸ ਮੌਕੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ, ਸੂਬਾ ਆਗੂ ਯਾਦਵਿੰਦਰ ਸਿੰਘ, ਦਵਿੰਦਰ ਸਿੰਘ, ਜਗਜੀਵਨਜੋਤ ਸਿੰਘ, ਬਲਵੰਤ ਸਿੰਘ, ਜਸਵਿੰਦਰ ਸ਼ਾਹਪੁਰ, ਰਾਜੇਸ਼ਵਰ ਰਾਏ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਖੇੜਾ, ਪ੍ਰਸ਼ਾਂਤ ਖੰਨਾ, ਰਾਹੁਲ ਹਾਂਡਾ, ਨਰਿੰਦਰ ਕੌਰ, ਹਰਵਿੰਦਰ ਕੌਰ ਆਦਿ ਮੌਜੂਦ ਸਨ।