ਚੰਡੀਗੜ੍ਹ/ਜਲੰਧਰ (ਸਾਂਝੀ ਸੋਚ ਬਿਊਰੋ) -ਹੱਥ ਵਿੱਚ ਤਿਰੰਗਾ, ਦਿਲ ਵਿੱਚ ਦੇਸ਼ ਭਗਤੀ ਅਤੇ ਜ਼ੁਬਾਨ ’ਤੇ ਭਾਰਤ ਮਾਤਾ ਦੀ ਜੈ ਨਾਲ ਹਜ਼ਾਰਾਂ ਲੋਕਾਂ ਦੀ ਉਤਸ਼ਾਹਿਤ ਭੀੜ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਬਣਾ ਰਹੀ ਸੀ। ਬੁੱਧਵਾਰ ਨੂੰ ਪੂਰਾ ਜਲੰਧਰ ਸ਼ਹਿਰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਦਿਨ ਭਰ ਪੂਰੇ ਸ਼ਹਿਰ ‘ਚ ਦੇਸ਼ ਭਗਤੀ ਦੇ ਗੀਤ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਗੂੰਜਦੇ ਰਹੇ। ਇਹ ਨਜ਼ਾਰਾ ਜਲੰਧਰ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਕੀਤੀ ਤਿਰੰਗਾ ਯਾਤਰਾ ਦਾ ਸੀ, ਜਿਸ ਦੀ ਅਗਵਾਈ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਹੇ ਸਨ। ਬੁੱਧਵਾਰ ਨੂੰ ਦੋ ਦਿਨਾਂ ਪੰਜਾਬ ਦੌਰੇ ’ਤੇ ਆਏ ਕੇਜਰੀਵਾਲ ਨੇ ਜਲੰਧਰ ਵਿੱਚ ਪਾਰਟੀ ਵੱਲੋਂ ਕੀਤੀ ਤਿਰੰਗਾ ਯਾਤਰਾ ਦੀ ਅਗਵਾਈ ਕੀਤੀ ਅਤੇ ਹੱਥ ਵਿੱਚ ਤਿਰੰਗਾ ਫੜੇ ਹਜ਼ਾਰਾਂ ਉਤਸ਼ਾਹਿਤ ਕਾਰਜਕਰਤਾਵਾਂ ਅਤੇ ਲੋਕਾਂ ਦੀ ਭੀੜ ਦੇ ਨਾਲ ਪੂਰੇ ਸ਼ਹਿਰ ‘ਚ ਮਾਰਚ ਕੀਤਾ। ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, ‘‘ਇਹ ਬਹੁਤ ਸ਼ਾਨਦਾਰ ਤਿਰੰਗਾ ਯਾਤਰਾ ਹੈ। ਜਲੰਧਰ ਦੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਅਤੇ ਅਸ਼ੀਰਵਾਦ ਦਿੱਤਾ। ਅਸੀਂ ਪੰਜਾਬ ਨੂੰ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਾਂ। ਅਸੀਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਕਰ ਕੇ ਰਾਜ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ।’’ ਕੇਜਰੀਵਾਲ ਨੇ ਜਲੰਧਰ ਵਾਸੀਆਂ ਨਾਲ ਵਾਅਦਾ ਕਰਦਿਆਂ ਕਿਹਾ, ‘‘ 2022 ਵਿੱਚ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜਲੰਧਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ‘ਸਪੋਰਟਸ ਯੂਨੀਵਰਸਿਟੀ’ ਬਣਾਵਾਂਗੇ। ਸਪੋਰਟਸ ਯੂਨੀਵਰਸਿਟੀ ਦੇ ਐਲਾਨ ਨਾਲ ਹੀ ਕੇਜਰੀਵਾਲ ਨੇ ਇੱਕ ਹੋਰ ਐਲਾਨ ਕਰਦਿਆਂ ਕਿਹਾ, ‘‘ਦੋਆਬਾ ਅਪ੍ਰਵਾਸੀ ਭਾਰਤੀਆਂ ਦਾ ਗੜ ਹੈ। ਇੱਥੋਂ ਦੇ ਲੋਕਾਂ ਨੂੰ ਫਲਾਈਟ ਫੜਨ ਲਈ ਦਿੱਲੀ, ਚੰਡੀਗੜ੍ਹ ਅਤੇ ਅੰਮ੍ਰਿਤਸਰ ਜਾਣਾ ਪੈਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਜਲੰਧਰ ਦੇ ਲੋਕਾਂ ਨੂੰ ਫਲਾਈਟ ਲੈਣ ਲਈ ਦੂਰ ਨਹੀਂ ਜਾਣਾ ਪਵੇਗਾ। ’’ ਉਨ੍ਹਾਂ ਵਾਅਦਾ ਕੀਤਾ ਕਿ ‘ਆਪ’ ਦੀ ਸਰਕਾਰ ਜਲੰਧਰ ਦੇ ਲੋਕਾਂ ਦੀ ਸਹੂਲਤ ਲਈ ਜਲੰਧਰ ‘ਚ ਕੌਮਾਂਤਰੀ ਹਵਾਈ ਅੱਡਾ’ ਬਣਾਏਗੀ। ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਗ਼ਰੀਬ ਐਸ.ਸੀ ਵਰਗ ਦੇ ਪਰਿਵਾਰ ‘ਚ ਪੈਦਾ ਹੋਣ ਦੇ ਬਾਵਜੂਦ ਬਾਬਾ ਸਾਹਿਬ ਕੋਲ ਕਈ ਵੱਡੀ ਡਿਗਰੀਆਂ ਸਨ, ਜਿਨ੍ਹਾਂ ‘ਚ ਕਈ ਵਿਦੇਸ਼ੀ ਯੂਨੀਵਰਸਿਟੀਆਂ ਦੀਆਂ ਡਿਗਰੀਆਂ ਵੀ ਸ਼ਾਮਲ ਸਨ। ਬਾਬਾ ਸਾਹਿਬ ਦੀ ਇੱਛਾ ਸੀ ਕਿ ਪੂਰਾ ਦੇਸ਼ ਸਿੱਖਿਅਤ ਬਣੇ। ਅਮੀਰ ਜਾਂ ਗ਼ਰੀਬ, ਉੱਚੀ ਜਾਤੀ ਦੇ ਹੋਣ ਜਾਂ ਨੀਚੀ ਜਾਤੀ ਦੇ ਸਾਰਿਆਂ ਨੂੰ ਇੱਕ ਸਮਾਨ ਸਿੱਖਿਆ ਮਿਲੇ। ਸਾਡੀ ਦਿੱਲੀ ਸਰਕਾਰ ਨੇ ਬਾਬਾ ਸਾਹਿਬ ਦੇ ਸੁਫਨਿਆਂ ਦਾ ਭਾਰਤ ਬਣਾਉਣ ਲਈ ਸਿੱਖਿਆ ਨੂੰ ਸਭ ਤੋਂ ਜ਼ਿਆਦਾ ਤਵੱਜੋਂ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ। ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਵਿੱਚ ਵੀ ਸਰਕਾਰੀ ਸਿੱਖਿਆ ਵਿਵਸਥਾ ਨੂੰ ਵਿਸ਼ਵ ਪੱਧਰੀ ਰੁਤਬਾ ਪ੍ਰਦਾਨ ਕੀਤਾ ਜਾਵੇਗਾ। ਜਿਸ ਦਾ ਸਭ ਤੋਂ ਜ਼ਿਆਦਾ ਲਾਭ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਵਿੱਚ ਗ਼ਰੀਬੀ ਦਾ ਹਨੇਰਾ ਸਿਰਫ਼ ਸਿੱਖਿਆ ਦੀ ਰੌਸ਼ਨੀ ਨਾਲ ਹੀ ਹਟਾਇਆ ਜਾ ਸਕਦਾ ਹੈ ਅਤੇ ਅਸੀਂ ਇਸ ਮਿਸ਼ਨ ’ਤੇ ਕੰਮ ਕਰ ਰਹੇ ਹਾਂ। ਤਿਰੰਗਾ ਯਾਤਰਾ ਵਿੱਚ ਆਏ ਦੋ ਬੱਚਿਆਂ ਨੇ ਕੇਜਰੀਵਾਲ ਨੂੰ ਆਪ ਦੇ ਗੋਲਕ (ਪਿੱਗੀ) ਬੈਂਕ ਦੇ ਪੈਸੇ ਦਿੱਤੇ ਅਤੇ 2022 ਦੀਆਂ ਚੋਣਾਂ ’ਚ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਕੇਜਰੀਵਾਲ ਨੇ ਉਨ੍ਹਾਂ ਦੋਵੇਂ ਬੱਚਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਅਸੀਂ ਇਸ ਪੈਸੇ ਨਾਲ ਪੰਜਾਬ ਚੋਣਾ ਜਿੱਤਾਂਗੇ।’’ ਤਿਰੰਗਾ ਯਾਤਰਾ ਵਿੱਚ ਕੇਜਰੀਵਾਲ ਦੇ ਨਾਲ ਮੌਜੂਦ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦੇ ਦੇ ਕੇ ਸਾਡੇ ਮੌਕੇ ਖ਼ਤਮ ਹੋ ਗਏ, ਪਰ ਇਨ੍ਹਾਂ ਪਾਰਟੀਆਂ ਦੀ ਮੌਕਾ ਮੰਗਣ ਦੀ ਬੇਸ਼ਰਮੀ ਖ਼ਤਮ ਨਹੀਂ ਹੋਈ। 2022 ‘ਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਮੌਕਾ ਦੇਣਗੇ ਅਤੇ ਇਮਾਨਦਾਰ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਝਾੜੂ ਪੂਰੇ ਦੇਸ਼ ਦੀ ਰਾਜਨੀਤਿਕ ਗੰਦਗੀ ਨੂੰ ਸਾਫ਼ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ, ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਸਮੇਤ ਲਾਲ ਚੰਦ ਕਟਾਰੂਚੱਕ, ਰਾਜਵਿੰਦਰ ਕੌਰ, ਸੁਰਿੰਦਰ ਸਿੰਘ ਸੋਢੀ, ਪ੍ਰੇਮ ਕੁਮਾਰ, ਨੀਲ ਗਰਗ ਅਤੇ ਹੋਰ ਸਥਾਨਕ ਆਗੂ ਹਾਜ਼ਰ ਸਨ।
Boota Singh Basi
President & Chief Editor