ਭਵਾਨੀਗੜ੍ਹ, 24 ਜੁਲਾਈ, 2023: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਮੰਗ ਕਰਦੇ ਦਲਿਤ ਭਾਈਚਾਰੇ ਉੱਪਰ ਪੁਲਿਸ ਅਤੇ ਪੇਂਡੂ ਧਨਾਢ ਚੌਧਰੀਆਂ ਵੱਲੋਂ ਅੰਨ੍ਹਾਂ ਤਸ਼ੱਦਦ ਕਰਕੇ ਝੂਠੇ ਪਰਚੇ ਪਾ ਕੇ ਆਗੂਆਂ ਸਮੇਤ 17 ਕਾਰਕੁੰਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਖਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿੰਡ ਘਰਾਚੋਂ ਝਨੇੜੀ ਸੰਗਤਪੁਰਾ ਬਟੜੀਆਨਾ ਅਤੇ ਕਪਿਆਲ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀਆਂ ਅਰਥੀਆਂ ਸਾੜੀਆਂ ਗਈਆਂ। ਲੋਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦਲਿਤ ਔਰਤਾਂ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ ਅਤੇ ਦਲਿਤਾਂ ਦੇ ਘਰਾਂ ਦੀ ਭੰਨ ਤੋੜ ਕਰਨ ਵਾਲੇ ਪੁਲਿਸ ਮੁਲਾਜਮਾਂ ਸਮੇਤ ਡੰਮੀ ਬੋਲੀ ਕਰਵਾਉਣ ਵਾਲੀ ਡੀਡੀਪੀਓ ਉਪਰ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਡੰਮੀ ਬੋਲੀ ਰੱਦ ਕਰਨ ਅਤੇ ਗ੍ਰਿਫਤਾਰ ਕੀਤੇ ਸਾਥੀਆਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਜਾਂਚ ਤੋਂ ਪਹਿਲਾਂ ਹੀ ਸਿਹਤ ਮੰਤਰੀ ਵੱਲੋਂ ਆਪਣੀ ਹੀ ਸਰਕਾਰ ਦੇ ਫੈਸਲੇ ਨੂੰ ਟਿੱਚ ਜਾਣਦਿਆਂ ਕੀਤੀ ਇਸ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਵਿਚ ਦਖ਼ਲ ਦੇ ਕੇ ਸਾਰੇ ਮਾਮਲੇ ਦਾ ਹੱਲ ਕਰਨ। ਇਸ ਮੌਕੇ ਉਪਰੋਕਤ ਤੋਂ ਬਿਨਾਂ ਸੁਖਵਿੰਦਰ ਸਿੰਘ ਬਟੜਿਆਣਾ, ਚਮਕੌਰ ਸਿੰਘ ਝਨੇੜੀ, ਹਰਬੰਸ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ ਕਪਿਆਲ ਆਦਿ ਹਾਜਰ ਸਨ।
Boota Singh Basi
President & Chief Editor