ਜ਼ਿਲਾ ਚੋਣ ਅਫਸਰ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਸੀ ਵਿਜਿਲ ਰਾਹੀਂ ਪ੍ਰਾਪਤ ਸ਼ਿਕਾਇਤਾਂ ਦਾ 100 ਮਿੰਟ ਅੰਦਰ ਹੋ ਰਿਹਾ ਹੈ ਨਿਪਟਾਰਾ ਸ਼ਿਕਾਇਤ ਸੈੱਲ 24 ਘੰਟਿਆਂ ਅੰਦਰ ਕਰ ਰਿਹਾ ਸ਼ਿਕਾਇਤਾਂ ਦਾ ਹੱਲ ਵੈਬਕਾਸਟਿੰਗ ਰਾਹੀਂ ਫਲਾਇੰਗ ਸਕੂਐਡ ਟੀਮਾਂ ਅਤੇ ਅੰਤਰਰਾਜੀ ਨਾਕਿਆ…
ਜ਼ਿਲਾ ਚੋਣ ਅਫਸਰ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ
ਸੀ ਵਿਜਿਲ ਰਾਹੀਂ ਪ੍ਰਾਪਤ ਸ਼ਿਕਾਇਤਾਂ ਦਾ 100 ਮਿੰਟ ਅੰਦਰ ਹੋ ਰਿਹਾ ਹੈ ਨਿਪਟਾਰਾ
ਸ਼ਿਕਾਇਤ ਸੈੱਲ 24 ਘੰਟਿਆਂ ਅੰਦਰ ਕਰ ਰਿਹਾ ਸ਼ਿਕਾਇਤਾਂ ਦਾ ਹੱਲ
ਵੈਬਕਾਸਟਿੰਗ ਰਾਹੀਂ ਫਲਾਇੰਗ ਸਕੂਐਡ ਟੀਮਾਂ ਅਤੇ ਅੰਤਰਰਾਜੀ ਨਾਕਿਆਂ ਦੀ ਕੀਤੀ ਜਾ ਰਹੀ 24 ਘੰਟੇ ਨਿਗਰਾਨੀ
ਦਲਜੀਤ ਕੌਰ
ਸੰਗਰੂਰ, 28 ਅਪ੍ਰੈਲ, 2024: ਜ਼ਿਲ੍ਹਾ ਚੋਣ ਅਫਸਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਸਥਾਪਿਤ ਕੀਤੇ ਗਏ ਸੀ ਵਿਜਿਲ, ਸ਼ਿਕਾਇਤ ਸੈੱਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਕਰਕੇ ਉਥੇ ਕਾਰਜਸ਼ੀਲ ਵੱਖ-ਵੱਖ ਟੀਮਾਂ ਤੋਂ ਹੁਣ ਤੱਕ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਲਿਆ। ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਸਮੂਹ ਟੀਮਾਂ ਯਕੀਨੀ ਬਣਾਉਣ ਅਤੇ ਕਿਸੇ ਵੀ ਨਾਗਰਿਕ ਦੁਆਰਾ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਉਹਨਾਂ ਦੱਸਿਆ ਕਿ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ ਉਤੇ ਕਾਰਵਾਈ ਅਮਲ ਵਿੱਚ ਲਿਆਉਣ ਸਬੰਧੀ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੀ ਮੋਬਾਈਲ ਸੀ-ਵਿਜਿਲ ਐਪ ਰਾਹੀਂ ਪ੍ਰਾਪਤ ਹੋਣ ਵਾਲੀ ਕਿਸੇ ਵੀ ਸ਼ਿਕਾਇਤ ਦਾ ਨਿਪਟਾਰਾ 100 ਮਿੰਟਾਂ ਦੇ ਅੰਦਰ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ। ਸੀ-ਵਿਜਿਲ ਸੈੱਲ ਵਿੱਚ ਤਾਇਨਾਤ ਟੀਮਾਂ ਨੇ ਦੱਸਿਆ ਕਿ ਹੁਣ ਤੱਕ ਪ੍ਰਾਪਤ ਹੋਈਆਂ ਕੁੱਲ 33 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਚੋਣ ਅਫਸਰ ਜਤਿੰਦਰ ਜੋਰਵਾਲ ਨੇ ਸ਼ਿਕਾਇਤ ਸੈੱਲ ਵਿਖੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸਮਾਂ ਸੀਮਾ 24 ਘੰਟਿਆਂ ਦੇ ਅੰਦਰ ਅੰਦਰ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਦੇ ਰਾਹੀਂ ਨਿਪਟਾਰਾ ਕਰਨਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ।
ਇਸੇ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਵੈਬਕਾਸਟਿੰਗ ਸੈੱਲ ਦਾ ਜਾਇਜ਼ਾ ਲਿਆ ਜਿੱਥੇ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਾਰਜਸ਼ੀਲ ਫਲਾਇੰਗ ਸਕੂਐਡ ਟੀਮਾਂ ਵੱਲੋਂ ਜੀ.ਪੀ.ਐਸ ਵਾਹਨਾਂ ਰਾਹੀਂ 24 ਘੰਟੇ ਕੀਤੇ ਜਾ ਰਹੇ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜ਼ਿਲ੍ਹੇ ਵਿੱਚ ਸਥਾਪਤ ਅੰਤਰਰਾਜੀ ਨਾਕਿਆਂ ਦੀ ਨਿਗਰਾਨੀ ਵੀ ਹੋ ਰਹੀ ਹੈ।ਵੈਬਕਾਸਟਿੰਗ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨੋਡਲ ਅਧਿਕਾਰੀ ਵਰਿੰਦਰ ਦੀਪਕ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਹਰਿਆਣਾ ਨਾਲ ਲੱਗਦੀਆਂ ਅੰਤਰਰਾਜੀ ਹੱਦਾਂ ਉੱਤੇ ਲਗਾਏ ਨਾਕਿਆਂ ਉਤੇ ਹਾਈ ਰੈਜੂਲੇਸ਼ਨ ਕੈਮਰਿਆਂ ਦੇ ਰਾਹੀਂ ਵੈਬ ਕਾਸਟਿੰਗ ਰੂਮ ਵਿੱਚ ਨਿਗਰਾਨੀ ਹੋ ਰਹੀ ਹੈ।
ਇਸ ਤੋਂ ਇਲਾਵਾ ਲੋਕ ਸਭਾ ਹਲਕਾ 12-ਸੰਗਰੂਰ ਅੰਦਰ ਆਉਂਦੇ ਜ਼ਿਲਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੀ ਨਿਗਰਾਨੀ ਹੇਠ ਤਿੰਨ-ਤਿੰਨ ਫਲਾਇੰਗ ਸਕੂਐਡ ਟੀਮਾਂ 24 ਘੰਟੇ ਨਿਗਰਾਨੀ ਲਈ ਕਾਰਜਸ਼ੀਲ ਹਨ ਜਿਨਾਂ ਦੀ ਹਰੇਕ ਗਤੀਵਿਧੀ ਉੱਤੇ ਵੈਬਕਾਸਟਿੰਗ ਰੂਮ ਵਿੱਚ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲਾ ਚੋਣ ਅਫਸਰ ਵੱਲੋਂ ਕੀਤੇ ਗਏ ਦੌਰੇ ਦੌਰਾਨ ਉਪ ਮੰਡਲ ਮੈਜਿਸਟਰੇਟ ਭਵਾਨੀਗੜ੍ਹ ਵਿਨੀਤ ਕੁਮਾਰ ਅਤੇ ਉਪ ਮੰਡਲ ਮੈਜਿਸਟਰੇਟ ਧੂਰੀ ਅਮਿਤ ਗੁਪਤਾ ਵੀ ਮੌਜੂਦ ਸਨ।