ਧੂਰੀ ਦੇ ਪਿੰਡ ਰਾਜੋਮਾਜਰਾ ’ਚ ਕਿਸਾਨਾਂ ਦੇ ਸਹਿਯੋਗ ਨਾਲ ਪਾਇਲਟ ਪ੍ਰੋਜੈਕਟ ਨੂੰ ਸਫ਼ਲਤਾ ਨਾਲ ਕੀਤਾ ਗਿਆ ਲਾਗੂ
ਸੰਗਰੂਰ,
ਪੰਜਾਬ ਸਰਕਾਰ ਵੱਲੋਂ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਅਹਿਮ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਪਿੰਡਾਂ ਦੇ ਚਿਰਾਂ ਤੋਂ ਬੰਦ ਪਏ ਖ਼ਾਲਿਆਂ ਵਿੱਚ ਪਾਣੀ ਸਪਲਾਈ ਨੂੰ ਮੁੜ ਸ਼ੁਰੂ ਕਰਨ ਲਈ ਪ੍ਰਕਿਰਿਆ ਜ਼ਮੀਨੀ ਤੌਰ ’ਤੇ ਆਰੰਭ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਪਾਣੀ ਦੇ ਪੱਧਰ ਦਾ ਦਿਨੋ ਦਿਨ ਹੇਠਾਂ ਡਿੱਗਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਜੀਵਨ ਦੀ ਹੋਂਦ ਦੇ ਇਸ ਅਨਮੋਲ ਖ਼ਜ਼ਾਨੇ ਨੂੰ ਬਚਾਉਣਾ ਸਭ ਦਾ ਨੈਤਿਕ ਫਰਜ਼ ਬਣ ਗਿਆ ਹੈ। ਉਨਾਂ ਕਿਹਾ ਕਿ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਪੁੱਟਦੇ ਹੋਏ ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਪਿਛਲੇ ਵਰੇ ਨਵੰਬਰ ਵਿੱਚ ਧੂਰੀ ਸਬ ਡਵੀਜ਼ਨ ਦੇ ਪਿੰਡ ਰਾਜੋਮਾਜਰਾ ਵਿਖੇ ਬੰਦ ਪਈ ਨਹਿਰੀ ਖਾਲ ਨੂੰ ਬਹਾਲ ਕਰਨ ਦਾ ਪਾਇਲਟ ਪ੍ਰੋਜੈਕਟ ਆਰੰਭਿਆ ਗਿਆ ਸੀ ਜਿਸ ਨੂੰ ਸਾਡੀ ਮਿਹਨਤੀ ਟੀਮ ਨੇ ਸਫ਼ਲਤਾ ਦਾ ਜਾਮਾ ਪਹਿਨਾਇਆ ਹੈ। ਉਨਾਂ ਕਿਹਾ ਕਿ ਰਾਜੋਮਾਜਰਾ ਦੇ ਕਿਸਾਨ ਵੀਰਾਂ ਨੇ ਇਸ ਕਾਰਜ ਲਈ ਭਰਪੂਰ ਸਹਿਯੋਗ ਦਿੱਤਾ ਅਤੇ ਬੰਦ ਪਏ ਖਾਲੇ ਵਾਲੇ ਹਿੱਸੇ ਨੂੰ ਆਪਣੀ ਸਹਿਮਤੀ ਨਾਲ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਇਆ ਅਤੇ ਇਸੇ ਸਦਕਾ ਹੀ ਅਸੀਂ ਇਹ ਪ੍ਰੋਜੈਕਟ ਸਫ਼ਲਤਾ ਨਾਲ ਲਾਗੂ ਕਰ ਸਕੇ ਹਾਂ। ਉਨਾਂ ਦੱਸਿਆ ਕਿ ਕਿਸਾਨਾਂ ਦੇ ਸਹਿਯੋਗ ਸਦਕਾ ਹੀ ਭਗਵਾਨਪੁਰਾ, ਤੋਲਾਵਾਲ, ਨਮੋਲ, ਰਤਨਗੜ ਪਾਟਿਆਂਵਾਲੀ, ਸਲੇਮਗੜ, ਸ਼ੇਰਪੁਰ, ਅਲਾਲ ਅਤੇ ਮੂਲੋਵਾਲ ਵਿਖੇ ਇਸੇ ਉਦੇਸ਼ ਦੀ ਪੂਰਤੀ ਹਿੱਤ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਦੀ ਨਿਰੰਤਰ ਨਿਗਰਾਨੀ ਹੇਠ ਇਹ ਪ੍ਰੋਜੈਕਟ ਮੁਢਲੇ ਸਰਵੇਖਣ ਤੋਂ ਬਾਅਦ ਵੱਖ-ਵੱਖ ਪਿੰਡਾਂ ਵਿੱਚ ਆਰੰਭ ਹੋ ਚੁੱਕਾ ਹੈ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਸ ਨੂੰ ਸਫ਼ਲਤਾ ਨਾਲ ਲਾਗੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਵਿਭਾਗੀ ਅਧਿਕਾਰੀਆਂ ਦੁਆਰਾ ਰਾਜੋਮਾਜਰਾ ਵਿਖੇ ਇਸ ਪਾਇਲਟ ਪ੍ਰੋਜੈਕਟ ਦੀ ਰੂਪਰੇਖਾ ਤਿਆਰ ਕਰਨ ਸਮੇਂ ਨਹਿਰੀ ਖਾਲੇ ਦੀ ਲੰਬਾਈ ਲਗਭਗ 10 ਹਜ਼ਾਰ ਫੁੱਟ ਹੋਣ ਦਾ ਅਨੁਮਾਨ ਸਾਹਮਣੇ ਆਇਆ ਸੀ ਪਰ ਖਾਲਿਆਂ ਦੀ ਬਹਾਲੀ ਪ੍ਰਕਿਰਿਆ ਦੌਰਾਨ ਤੱਥ ਸਾਹਮਣੇ ਆਏ ਕਿ ਕੁਝ ਥਾਵਾਂ ’ਤੇ ਇਸ ਖਾਲੇ ਦੀ ਹੋਂਦ ਬਿਲਕੁਲ ਹੀ ਖ਼ਤਮ ਹੋ ਗਈ ਸੀ ਜਿਸ ਕਾਰਨ ਕਿਸਾਨਾਂ ਤੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਇਨਾਂ ਅਲੋਪ ਹੋਈਆਂ ਥਾਵਾਂ ਨੂੰ ਲੱਭਿਆ ਗਿਆ ਅਤੇ ਨਹਿਰੀ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੰੁਚਾਇਆ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਕਿਸਾਨ ਨੂੰ ਖੇਤੀ ਕਰਨ ਲਈ ਪਾਣੀ ਦੀ ਘਾਟ ਮਹਿਸੂਸ ਨਾ ਹੋਵੇ। ਉਨਾਂ ਦੱਸਿਆ ਕਿ ਰਾਜੋਮਾਜਰਾ ਵਿਖੇ ਇਸ ਪ੍ਰੋਜੈਕਟ ਸਦਕਾ 250 ਏਕੜ ਤੋਂ ਵੀ ਵੱਧ ਜ਼ਮੀਨ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਵਰੇ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਪੰਚਾਇਤ ਵਿਭਾਗ ਤੇ ਸਿੰਜਾਈ ਵਿਭਾਗ ’ਤੇ ਆਧਾਰਿਤ ਟੀਮਾਂ ਨੇ ਜ਼ਿਲੇ ਦੇ ਹੋਰਨਾਂ ਪਿੰਡਾਂ ਵਿੱਚ ਵੀ ਸਰਵੇਖਣ ਕਰਵਾਇਆ ਜਿਥੇ ਕਿ ਨਹਿਰੀ ਖਾਲ਼ਾਂ ਨੂੰ ਬਹਾਲ ਕੀਤੇ ਜਾਣ ਦੀ ਲੋੜ ਜਾਪਦੀ ਸੀ ਅਤੇ ਹੁਣ ਇਨਾਂ ਪਿੰਡਾਂ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਖੁਦ ਜਾ ਕੇ ਖਾਲਿਆਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਵਿਭਾਗੀ ਟੀਮਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਤੇ ਕਿਸਾਨਾਂ ਨਾਲ ਤਾਲਮੇਲ ਕਰਕੇ ਉਨਾਂ ਨੂੰ ਸਹਿਯੋਗ ਦੀ ਅਪੀਲ ਕਰ ਰਹੀਆਂ ਹਨ।
ਇਸੇ ਦੌਰਾਨ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀਆਂ ਹਦਾਇਤਾਂ ’ਤੇ ਦਿੜ੍ਹਬਾ ਦੇ ਪਿੰਡ ਸਮੂਰਾਂ ਵਿਖੇ ਸਹਾਇਕ ਕਮਿਸ਼ਨਰ ਅੰਡਰ ਟਰੇਨਿੰਗ ਨਿਤੇਸ਼ ਜੈਨ ਤੇ ਐਸ.ਡੀ.ਐਮ ਰਾਜੇਸ਼ ਸ਼ਰਮਾ ਵੱਲੋਂ ਨਹਿਰੀ ਖਾਲ ਨੂੰ ਬਹਾਲ ਕਰਨ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਐਸ.ਡੀ.ਐਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸਬ ਡਵੀਜ਼ਨ ਦਿੜਬਾ ਅਧੀਨ 35 ਪਿੰਡ ਆਉਂਦੇ ਹਨ ਜਿਨਾਂ ਵਿੱਚ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵਧੇਰੇ ਵਰਤੋਂ ਕਰਨ ਲਈ ਲਗਾਤਾਰ ਪ੍ਰੇਰਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਸ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।