ਵੋਟਰ ਸੂਚੀ ਦਾ ਇੱਕ-ਇੱਕ ਸੈਟ ਅਤੇ ਸੀ.ਡੀ ਦਿੱਤੀ
ਸੰਗਰੂਰ,
ਭਾਰਤ ਚੋਣ ਕਮਿਸ਼ਨ ਵੱਲੋ ਯੋਗਤਾ ਮਿਤੀ 01-01-2024 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ, ਸੰਗਰੂਰ ਜਤਿੰਦਰ ਜੋਰਵਾਲ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਅੱਜ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ ਹੈ। ਮਿਤੀ 27-10-2023 ਤੋ 09-12-2023 ਤੱਕ ਫਾਰਮ ਨੰ 6, 7, 8, 8 ਏ ਭਰ ਕੇ ਦਾਅਵੇ ਅਤੇ ਇਤਰਾਜ ਪੇਸ਼ ਕੀਤੇ ਜਾ ਸਕਦੇ ਹਨ । ਮਿਤੀ 04-11-2023, 05-11-2023, 02-12-2023 ਅਤੇ 03-12-2023 ਸਮੂਹ ਬੀਐਲਓਜ਼ ਪੋਲਿੰਗ ਬੂਥਾਂ ਤੇ ਬੈਠ ਕੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਮਿਤੀ 26-12-2023 ਤੱਕ ਇਨ੍ਹਾਂ ਦਾ ਫੈਸਲਾ ਸਬੰਧਤ ਈਆਰਓ ਵੱਲੋ ਕੀਤਾ ਜਾਵੇਗਾ।
ਇਸ ਤੋ ਇਲਾਵਾ ਜ਼ਿਲ੍ਹਾ ਚੋਣ ਅਫਸਰ ਵੱਲੋ ਦੱਸਿਆ ਗਿਆ ਕਿ ਭਾਰਤ ਚੋਣ ਕਮਿFਸ਼ਨ ਦੀ ਵੈਬਸਾਈਟ ਤੇ ਜਾ ਕੇ ਵੋਟਰ ਵੱਲੋ ਖੁਦ ਆਪਣੀ ਵੋਟ ਬਣਾਉਣ ਲਈ ਫਾਰਮ ਭਰਿਆ ਜਾ ਸਕਦਾ ਹੈ। ਇਸੇ ਤਰ੍ਹਾ ਜੇਕਰ ਕਿਸੇ ਵੋਟਰ ਨੇ ਆਪਣੇ ਵੋਟਰ ਕਾਰਡ ਵਿੱਚ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਇੱਕ ਜਗ੍ਹਾ ਤੋਂ ਕਟਵਾ ਕੇ ਦੂਸਰੀ ਜਗ੍ਹਾ ਬਣਵਾਉਣੀ ਹੈ ਤਾਂ ਵੀ ਇਸ ਵੈਬਸਾਈਟ ਤੇ ਜਾ ਕੇ ਆਨਲਾਈਨ ਫਾਰਮ ਭਰਿਆ ਜਾ ਸਕਦਾ ਹੈ।
ਜਦੋ ਵੀ ਕੋਈ ਵਿਅਕਤੀ ਨਵੀ ਵੋਟ ਦਾ ਫਾਰਮ ਆਨਲਾਈਨ ਭਰਦਾ ਹੈ ਤਾਂ ਉਹ ਉਸ ਨਾਲ ਆਪਣੀ ਰਿਹਾਇਸ਼ ਅਤੇ ਉਮਰ ਦੇ ਸਬੂਤ ਦੇ ਨਾਲ ਨਾਲ ਇੱਕ ਪਾਸਪੋਰਟ ਸਾਈਜ ਦੀ ਫੋਟੋ ਵੀ ਅਪਲੋਡ ਕਰੇਗਾ ਅਤੇ ਜੇਕਰ ਇਸ ਸਬੰਧੀ ਕੋਈ ਵੀ ਪਰੇਸ਼ਾਨੀ ਪੇਸ਼ ਆਉਂਦੀ ਹੈ ਤਾਂ ਜ਼ਿਲ੍ਹਾ ਚੋਣ ਦਫਤਰ ਦੇ ਟੋਲ ਫ੍ਰੀ ਨੰਬਰ 1950 ਤੇ ਮੁਫਤ ਕਾਲ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਅਖੀਰ ਵਿੱਚ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 05-01-2024 ਨੂੰ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਵੋਟਰ ਸੂਚੀ ਦਾ ਇੱਕ ਇੱਕ ਸੈਟ ਅਤੇ ਸੀ.ਡੀ ਵੀ ਦਿੱਤੀ ਗਈ। ਜਿਲ੍ਹਾ ਚੋਣ ਅਫਸਰ ਨੇ ਹਾਜ਼ਰ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਪੋਲਿੰਗ ਬੂਥ ਤੇ ਆਪਣੀ ਪਾਰਟੀ ਨਾਲ ਸਬੰਧਤ ਬੂਥ ਲੈਵਲ ਏਜੰਟ ਦੀ ਨਿਯੁਕਤੀ ਕਰਨ ਅਤੇ ਕਮਿਸ਼ਨ ਨੂੰ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿੱਚ ਸਹਿਯੋਗ ਦੇਣ।