ਜ਼ਿਲ੍ਹਾ ਪ੍ਰਸ਼ਾਸਨ ਨੇ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਦਿੱਤੀ ਸਿਖਲਾਈ

0
60
ਜ਼ਿਲ੍ਹਾ ਪ੍ਰਸ਼ਾਸਨ ਨੇ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਦਿੱਤੀ ਸਿਖਲਾਈ
ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਦੀ ਅਗਵਾਈ ਵਿੱਚ ਕੀਤਾ ਗਿਆ ਉਪਰਾਲਾ
ਸੰਗਰੂਰ ,12 ਮਈ 2025
ਕਿਸੇ ਵੀ ਕਿਸਮ ਦੀ ਹੰਗਾਮੀ ਹਾਲਾਤ ਨਾਲ ਨਜਿੱਠਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ, ਸ਼੍ਰੀ ਅਮਿਤ ਬੈਂਬੀ ਦੀ ਅਗਵਾਈ ਵਿੱਚ ਜ਼ਿਲ੍ਹਾ ਵਾਸੀਆਂ, ਜਿਹੜੇ ਕਿ ਸਿਵਲ ਡਿਫੈਂਸ ਲਈ ਵਲੰਟੀਅਰਾਂ ਵਜੋਂ ਕੰਮ ਕਰਨ ਲਈ ਅੱਗੇ ਆਏ ਹਨ, ਨੂੰ ਸਿਵਲ ਡਿਫੈਂਸ ਬਾਬਤ ਸਿਖਲਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤੀ ਗਈ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਬਲੈਕ ਆਊਟ ਹੋਣ ਸਮੇਂ ਘਰਾਂ/ਇਮਾਰਤਾਂ ਵਿੱਚੋਂ ਕਿਸੇ ਕਿਸਮ ਦੀ ਕੋਈ ਵੀ ਲਾਈਟ ਬਾਹਰ ਨਾ ਆਵੇ। ਖਿੜਕੀਆਂ/ਦਰਵਾਜ਼ਿਆਂ/ਰੌਸ਼ਨਦਾਨਾਂ ਦੇ ਸ਼ੀਸ਼ੇ ਕਾਲੇ ਕਾਗਜ਼, ਭੂਰੇ ਕਾਗਜ਼ ਜਾਂ ਮੋਟੇ ਪਰਦਿਆਂ ਨਾਲ ਢੱਕ ਦਿਉ ਤਾਂ ਜੋ ਰੌਸ਼ਨੀ ਬਾਹਰ ਨਾ ਜਾਵੇ। ਇਮਾਰਤਾਂ ਦੇ ਬਾਹਰ ਜਾਂ ਬਿਲਡਿੰਗਾਂ ਦੇ ਕਿਸੇ ਹਿੱਸੇ ਵਿੱਚੋਂ ਲਿਸ਼ਕਾਰਾ ਉੱਪਰ ਵੱਲ ਨਹੀਂ ਜਾਣਾ ਚਾਹੀਦਾ। ਸਾਈਕਲ ਦੇ ਪਿੱਛੇ ਸਫੈਦ ਪੇਂਟ ਲਗਾਇਆ ਜਾਵੇ। ਮੋਟਰ-ਗੱਡੀਆਂ ਦੀ ਪਾਰਕਿੰਗ ਲਾਈਟਾਂ ਜਾਂ ਮੱਧਮ ਹੈੱਡ ਲਾਈਟਾਂ ਦੀ ਵਰਤੋਂ ਕੀਤੀ ਜਾਵੇ।
ਹੈੱਡ ਲਾਈਟਾਂ ਦੇ ਉਪਰਲੇ ਹਿੱਸੇ ‘ਤੇ ਡਬਲ ਖਾਕੀ ਕਾਗਜ਼ ਅਤੇ ਹੇਠਲੇ ਹਿੱਸੇ ‘ਤੇ ਖਾਕੀ ਸਿੰਗਲ ਕਾਗਜ਼ ਲਗਾਇਆ ਜਾਵੇ। ਬੈਕ ਲਾਈਟਾਂ ਨੂੰ ਵੀ ਡਿਮ ਕੀਤਾ ਜਾਵੇ ਅਤੇ ਗੱਡੀਆਂ ਹਮੇਸ਼ਾਂ ਲੋਅ ਬੀਮ ‘ਤੇ ਚਲਾਈਆਂ ਜਾਣ। ਮੋਟਰ-ਗੱਡੀਆਂ ਦੀਆਂ ਦੋਵੇਂ ਲਾਈਟਾਂ ਜਗਾਣੀਆਂ ਜ਼ਰੂਰੀ ਹਨ ਅਤੇ ਵਾਹਨਾਂ ਦੀ ਸਪੀਡ ਘੱਟ ਰੱਖੀ ਜਾਵੇ। ਜਦੋਂ ਖਤਰੇ ਦਾ ਘੁੱਗੂ ਵਜੇ ਤਾਂ ਗੱਡੀ ਦੀਆਂ ਲਾਈਟਾਂ ਬਿਲਕੁਲ ਬੰਦ ਕਰ ਦਿੱਤੀਆਂ ਜਾਣ।
ਪੈਦਲ ਚੱਲਣ ਵਾਲੇ ਫੁੱਟ ਪਾਥ ‘ਤੇ ਚੱਲਣ ਅਤੇ ਸੜਕ ‘ਤੇ ਖੱਬੇ ਪਾਸੇ ਦੀ ਬਜਾਏ ਸੜਕ ਦੇ ਸੱਜੇ ਹੱਥ ਤੁਰਿਆ ਜਾਵੇ। ਦੁਕਾਨਾਂ ਦੇ ਲਾਈਟਾਂ ਵਾਲੇ ਸਾਈਨ ਬੋਰਡ ਬੰਦ ਰੱਖੇ ਜਾਣ। ਕਿਸੇ ਕਿਸਮ ਦੀ ਕੋਈ ਵੀ ਡੈਕੋਰੇਸ਼ਨ ਲਾਈਟ ਨਾ ਰੱਖੀ ਜਾਵੇ।
ਇਸ ਸਿਖਲਾਈ ਦੌਰਾਨ ਲੋਕਾਂ ਨੂੰ ਹਵਾਈ ਹਮਲਾ ਸ਼ੁਰੂ ਹੋਣ ਅਤੇ ਖਤਮ ਹੋਣ ਦੇ ਸਾਇਰਨ ਦੀ ਅਵਾਜ਼ ਤੋਂ ਜਾਣੂ ਕਰਵਾਇਆ ਗਿਆ। ਹਵਾਈ ਹਮਲਾ ਸ਼ੁਰੂ ਹੋਣ ਦਾ ਸੰਦੇਸ਼ ਲੋਕਾਂ ਨੂੰ ਦੋ ਮਿੰਟ ਰੁਕ-ਰੁਕ ਕੇ ਸਾਇਰਨ ਵਜਾ ਕੇ ਦਿੱਤਾ ਜਾਂਦਾ ਹੈ। ਹਵਾਈ ਹਮਲਾ ਖਤਮ ਹੋਣ ਦਾ ਸੰਦੇਸ਼ ਲਗਾਤਾਰ ਦੋ ਮਿੰਟ ਸਾਇਰਨ ਵਜਾ ਕੇ ਦਿੱਤਾ ਜਾਂਦਾ ਹੈ।
ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸੰਕਟਕਾਲ ਵੇਲੇ ਦੀਆਂ ਸਾਵਧਾਨੀਆਂ ਦਸ ਦਿੱਤੀਆਂ ਜਾਣ ਜਿਵੇਂ ਕਿ ਰੇਤ, ਪਾਣੀ, ਫਸਟ-ਏਡ ਆਦਿ। ਸਿਵਲ ਡਿਫੈਂਸ ਕੰਟਰੋਲ ਰੂਮ, ਫਾਇਰ ਸਰਵਿਸ ਹਸਪਤਾਲ, ਬਿਜ਼ਲੀ ਦੇ ਦਫਤਰ ਅਤੇ ਫਸਟਏਡ ਆਦਿ ਟੈਲੀਫੋਨ ਨੰਬਰ ਯਾਦ ਰੱਖੇ ਜਾਣ ਜਾਂ ਉਹਨਾਂ ਦੀਆਂ ਸੂਚੀਆਂ ਬਣਾ ਕੇ ਉਹਨਾਂ ਨੂੰ ਘਰ ਵਿੱਚ ਵੱਖੋ-ਵੱਖ ਥਾਂ ਕੰਧਾਂ ਉੱਤੇ ਲਾਇਆ ਜਾਵੇ।
ਮਕਾਨਾਂ ਦੀਆਂ ਛੱਤਾਂ ਉਪਰੋਂ ਬਲਣ ਵਾਲਾ ਸਮਾਨ ਹਟਾ ਲਿਆ ਜਾਵੇ। ਘਰ ਵਿੱਚ ਰੇਤ ਅਤੇ ਪਾਣੀਆਂ ਦੀਆਂ ਬਾਲਟੀਆਂ ਭਰ ਕੇ ਰੱਖੀਆ ਜਾਣ। ਰੌਸ਼ਨਦਾਨ ਦੇ ਬਾਹਰ ਲੋਹੇ ਦੀ ਮੋਟੀ ਜਾਲੀ ਲਾ ਦਿੱਤੀ ਜਾਵੇ। ਜੇ ਹੋ ਸਕੇ ਤਾਂ ਘਰ ਵਿੱਚ ਇਕ ਹਿਫਾਜ਼ਤੀ ਕਮਰਾ ਚੁਣਿਆ ਜਾਵੇ, ਜਿਸ ਵਿੱਚ ਫਸਟਏਡ ਦਾ ਸਮਾਨ, ਪੀਣ ਲਈ ਪਾਣੀ, ਖਾਣ ਦਾ ਸਮਾਨ, ਬੈਟਰੀ ਆਦਿ ਰਖਣਾ ਜ਼ਰੂਰੀ ਹੈ।
ਹਵਾਈ ਹਮਲੇ ਦੌਰਾਨ, ਜੇ ਤੁਸੀਂ ਖੁੱਲ੍ਹੇ ਮੈਦਾਨ ਵਿੱਚ ਹੋ ਤਾਂ ਧਰਤੀ ‘ਤੇ ਲੇਟ ਜਾਵੋ ਤੇ ਕੂਹਣੀਆਂ ਧਰਤੀ ‘ਤੇ ਲਾ ਕੇ ਛਾਤੀ ਨੂੰ ਉਪਰ ਚੁੱਕ ਲਵੋ। ਕੰਨਾਂ ਵਿੱਚ ਉਂਗਲੀਆਂ ਲੈ ਲਈਆਂ ਜਾਣ। ਦੰਦਾਂ ਵਿੱਚ ਕੋਈ ਕਪੜਾ ਰੱਖਿਆ ਜਾਵੇ। ਮੂੰਹ ਹੇਠਾਂ ਨੂੰ ਕਰ ਲਿਆ ਜਾਵੇ। ਜੇ ਤੁਸੀਂ ਇਮਾਰਤ ਦੇ ਅੰਦਰ ਹੋ ਤਾਂ ਬਿਜਲੀ ਨੂੰ ਮੇਨ ਤੋਂ ਬੰਦ ਕਰ ਦਿਓ। ਜੇ ਨੁਕਰ ਨਾ ਮਿਲੇ ਤਾਂ ਦੀਵਾਰ ਦੇ ਅੰਦਰਲੇ ਪਾਸੇ ਖਲੋ ਜਾਵੋ। ਜੇਕਰ ਕਮਰੇ ਵਿੱਚ ਥਾਂ ਨਹੀਂ ਹੈ ਤਾਂ ਮਕਾਨ ਦੀਆਂ ਪੌੜੀਆਂ ਥੱਲੇ ਖਾਲੀ ਥਾਂ ਵਿੱਚ ਲੁਕ ਜਾਓ।
ਇਲਾਕੇ ਵਿੱਚ ਕਿਸੇ ਕਿਸਮ ਦੀ ਘਟਨਾ ਵਾਰਪਨ (ਅਗ ਲਗਣ) ‘ਤੇ ਤੁਰੰਤ ਆਪਣੇ ਇਲਾਕੇ ਦੇ ਸਿਵਲ ਡਿਫੈਂਸ/ਪੁਲੀਸ ਕੰਟਰੋਲ ਰੂਮ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰੋ। ਸਿਵਲ ਡਿਫੈਂਸ ਦੀਆਂ ਸੇਵਾਵਾਂ ਪੁਜਣ ਤੱਕ ਲੋਕਾਂ ਦੀ ਮਦਦ ਨਾਲ ਬਿਨਾਂ ਕਿਸੇ ਦੇਰੀ ਬਿਲਡਿੰਗ ਵਿੱਚ ਫਸੇ ਲੋਕਾਂ ਨੂੰ ਕੱਢਣਾ ਤੇ ਅੱਗ ਬੁਝਾਉਣਾ ਸ਼ੁਰੂ ਕਰ ਦਿੱਤਾ ਜਾਵੇ ।
ਹਰ ਇਕ ਕੋਲ ਕੋਈ ਸਾਫ ਰੁਮਾਲ ਜਾਂ ਛੋਟੇ ਤੋਲੀਏ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਪੱਟੀਆਂ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਅੰਦਰਲੀ ਤਹਿ ਜ਼ਖ਼ਮ ‘ਤੇ ਪਹਿਲੀ ਪੱਟੀ ਬੰਨਣ ਲਈ ਉਚਿੱਤ ਹੈ। ਸਹਾਇਤਾ ਕਰਨ ਵਾਲੇ ਦਾ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਫਰਜ਼, ਖੂਨ ਨੂੰ ਵਗਣ ਤੋਂ ਰੋਕਣਾ ਹੈ। ਸਾਫ ਉਂਗਲਾਂ ਜਾਂ ਹੱਥਾਂ ਨਾਲ ਖੂਨ ਨਿਕਲਣ ਵਾਲੀ ਥਾਂ ਨੂੰ ਦਬਾ ਦਿਉ। ਜਿਥੇ ਤੱਕ ਸੰਭਵ ਹੋ ਸਕੇ ਤਹਿ ਕੀਤੇ ਸਾਫ ਰੁਮਾਲ ਜਾਂ ਤੋਲੀਏ ਨੂੰ ਉਤੇ ਰੱਖੋ। ਜ਼ਖਮ ਦੇ ਉਤੇ ਮਜ਼ਬੂਤੀ ਨਾਲ ਪੱਟੀ ਬੰਨ੍ਹ ਦਿਓ। ਜ਼ਖਮੀਆਂ ਦੇ ਬੇਹੋਸ਼ ਹੋਣ ਦੀ ਸੰਭਾਵਨਾ ਹੈ, ਇਸ ਲਈ ਰੋਗੀ ਨੂੰ ਲਿਟਾ ਕੇ ਰੱਖੋ। ਗਰਦਨ ਅਤੇ ਲੱਕ ਤੋਂ ਕਪੜੇ ਢਿੱਲੇ ਕਰ ਦਿਉ ਪਰ ਖਿਆਲ ਰੱਖੋ ਰੋਗੀ ਨੂੰ ਹਵਾਂ ਨਾ ਲਗ ਜਾਏ ਅਤੇ ਸਿਰ ਨੂੰ ਸਹਾਰਾ ਦੇ ਕੇ ਰੱਖੋ।
ਇਸ ਤਰ੍ਹਾਂ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪੋ ਆਪਣੇ ਵਿਭਾਗਾਂ ਨਾਲ ਸਬੰਧਤ ਕਾਰਜਾਂ ਬਾਰੇ ਸਿਖਲਾਈ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖੋ-ਵੱਖ ਅਧਿਕਾਰੀ ਤੇ ਵੱਡੀ ਗਿਣਤੀ ਸਿਵਲ ਡਿਫੈਂਸ ਵਲੰਟੀਅਰ ਹਾਜ਼ਰ ਸਨ।

LEAVE A REPLY

Please enter your comment!
Please enter your name here