ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਤਰਨ ਤਰਨ ਵਿਖੇ ਸ਼ੁਰੂ ਕੀਤਾ ਗਿਆ ਅਰੋਗਯਮ ਫਿਜੀਓਥੇਰੈਪੀ ਕੇਂਦਰ
6 ਬੈਡਾਂ ਵਾਲੇ ਕੇਂਦਰ ‘ਚ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਵੇਗਾ ਮਿਆਰੀ ਇਲਾਜ-ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ
ਤਰਨ ਤਾਰਨ,ਮਾਰਚ 19 , 2025
ਜ਼ਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਵੱਲੋਂ ਮੰਗਲਵਾਰ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਤਿਆਰ ਕੀਤੇ ਗਏ ਅਰੋਗਯਮ ਫਿਜੀਓਥੇਰੈਪੀ ਕੇਂਦਰ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜਦੀਪ ਸਿੰਘ ਬਰਾੜ,ਸਹਾਇਕ ਕਮਿਸ਼ਨਰ,ਡਾ. ਕਰਨਵੀਰ ਸਿੰਘ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਸੈਕਟਰੀ ਰੈੱਡ ਕਰਾਸ ਸ਼੍ਰੀ ਸਰਬਜੀਤ ਸਿੰਘ ਹਾਜ਼ਰ ਸਨ।ਅਰੋਗਯਮ ਫਿਜੀਓਥੇਰੈਪੀ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਆਮ ਨਾਗਰਿਕਾਂ ਦੀ ਸੇਵਾ ਲਈ ਕੇਂਦਰ ਨੂੰ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਰੋਗਯਮ ਫਿਜੀਓਥੇਰੈਪੀ ਕੇਂਦਰ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ ਮਾਹਿਰਾਂ ਵੱਲੋਂ ਇਲਾਜ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਸ਼ੁਰੂ ਹੋਏ ਫਿਜੀਓਥੇਰੈਪੀ ਕੇਂਦਰ ਰਾਹੀਂ ਵੱਡੀ ਗਿਣਤੀ ਵਿੱਚ ਜੋੜਾਂ ਦੀਆਂ ਪਰੇਸ਼ਾਨੀਆਂ ਝੱਲ ਰਹੇ ਮਰੀਜ਼ਾਂ ਨੂੰ ਲਾਭ ਪਹੁੰਚੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਜੀਓਥੇਰੈਪੀ ਕੇਂਦਰ ਵਿੱਚ ਸ਼ੁਰੂਆਤੀ ਦੌਰ ਦੌਰਾਨ 6 ਬੈਡ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਫਿਜੀਓਥੇਰੈਪੀ ਕੇਂਦਰ ਵਿੱਚ ਸਰਕਾਰ ਵੱਲੋਂ ਮਹਿੰਗੇ ਕੀਮਤ ਵਾਲੀਆ ਲੇਜ਼ਰ ਅਤੇ ਟਰੈਕਸ਼ਨ ਮਸ਼ੀਨਾਂ ਨੂੰ ਲਗਾਇਆ ਗਿਆ ਹੈ,ਜਿਸ ਰਾਹੀਂ ਕਿਸੇ ਵੀ ਉਮਰ ਦੇ ਵਿਅਕਤੀ ਦੇ ਇਲਾਜ ਨੂੰ ਵਧੀਆ ਢੰਗ ਨਾਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਫਿਜੀਓਥੇਰੈਪੀ ਸੈਂਟਰ ਵਿੱਚ ਸਿਹਤ ਵਿਭਾਗ ਦੇ ਹੱਡੀਆਂ ਦੇ ਮਾਹਿਰ ਡਾਕਟਰ ਵੱਲੋਂ ਮਰੀਜ਼ਾਂ ਦੀ ਜਾਂਚ ਉਪਰੰਤ ਫਿਜੀਓਥੇਰੈਪੀ ਦੀ ਸੇਵਾ ਮੁਹੱਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਫਿਜੀਓਥੇਰੈਪੀ ਸੈਸ਼ਨ ਦੀ ਸਿਰਫ 50 ਰੁਪਏ ਫੀਸ ਰੱਖੀ ਗਈ ਹੈ ਅਤੇ ਜੇਕਰ ਕਿਸੇ ਲੋੜਵੰਦ ਵਿਅਕਤੀ ਪਾਸ ਫੀਸ ਦੇਣ ਦੇ ਪੈਸੇ ਨਹੀਂ ਹੋਣਗੇ ਤਾਂ ਉਸ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਫਿਜੀਓਥੇਰੈਪੀ ਕੇਂਦਰ ਜ਼ਿਲੇ ਵਿੱਚ ਵਿਲੱਖਣ ਹੈ ਅਤੇ ਆਧੁਨਿਕ ਮਸ਼ੀਨਾਂ ਹੋਣ ਕਾਰਨ ਮਰੀਜ਼ਾਂ ਨੂੰ ਮਿਆਰੀ ਇਲਾਜ ਮਿਲੇਗਾ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਫਿਜੀਓਥਰੇਪੀ ਕੇਂਦਰ ਸ਼ੁਰੂ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਸ ਫਿਜੀਓਥਰੈਪੀ ਕੇਂਦਰ ਤੋਂ ਇਲਾਵਾ ਦੋ ਹੋਰ ਕੇਂਦਰ ਚਲਾਏ ਜਾ ਰਹੇ ਹਨ,ਜਿੱਥੇ ਵੱਡੀ ਗਿਣਤੀ ਦੇ ਵਿੱਚ ਮਰੀਜ਼ਾਂ ਵੱਲੋਂ ਲਾਭ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਭਵਿੱਖ ਦੇ ਵਿੱਚ ਫਿਜੀਓਥਰੈਪੀ ਕੇਂਦਰ ਦੇ ਬੈਡ ਵਧਾਉਣ ਦੀ ਜਰੂਰਤ ਪਈ ਤਾਂ ਮਰੀਜ਼ਾਂ ਦੀ ਸਹੂਲਤ ਲਈ ਵਧਾਇਆ ਜਾਵੇਗਾ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਸੁਰਿੰਦਰ ਕੁਮਾਰ,ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਵਰਿੰਦਰ ਪਾਲ ਕੌਰ,ਜ਼ਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ,ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸਤਵਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਰੂਪਮ ਚੌਧਰੀ,ਮੈਡੀਕਲ ਅਫ਼ਸਰ ਡਾ. ਰਾਬਿੰਦਰ ਚੌਧਰੀ , ਮੈਡੀਕਲ ਅਫਸਰ ਡਾ.ਜਤਿੰਦਰ ਸਿੰਘ ਪੰਨੂ,ਮੈਡੀਕਲ ਅਫਸਰ ਡਾ. ਸੁਖਜਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ,ਨਰਸਿੰਗ ਸਿਸਟਰ ਕਰਮਪਾਲ ਕੌਰ, ਫੀਜੀਓਥੈਰਪਿਸਟ ਗੁਰਸ਼ਰਨ ਸਿੰਘ, ਰੁਪਿੰਦਰ ਕੌਰ ਵੀ ਮੌਜੂਦ ਰਹੇ।