ਜ਼ਿਲ੍ਹਾ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ 

0
285
ਅਥਲੈਟਿਕਸ, ਕਿੱਕ ਬਾਕਸਿੰਗ, ਰੋਲਰ ਸਕੇਟਿੰਗ ਅਤੇ ਵੇਟ ਲਿਫਟਿੰਗ ਦੇ ਖੇਡ ਮੁਕਾਬਲੇ ਸ਼ੁਰੂ
ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕੀਤੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ
ਸੰਗਰੂਰ, 15 ਅਕਤੂਬਰ, 2022: ਜ਼ਿਲ੍ਹਾ ਸੰਗਰੂਰ ਵਿਖੇ ਅੱਜ ਤੋਂ 4 ਰਾਜ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਹੋ ਗਿਆ ਹੈ। ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇਹ ਖੇਡ ਮੁਕਾਬਲੇ 22 ਅਕਤੂਬਰ ਤੱਕ ਚੱਲਣਗੇ। ਵਾਰ ਹੀਰੋਜ਼ ਸਟੇਡੀਅਮ ਵਿਖੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਵਰਜੀਤ ਵਾਲੀਆ ਅਤੇ ਸਹਾਇਕ ਕਮਿਸ਼ਨਰ ਸ੍ਰੀ ਦੇਵਦਰਸ਼ਦੀਪ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਬਲਾਕ ਅਤੇ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਤੋਂ ਬਾਅਦ ਹੁਣ ਰਾਜ ਪੱਧਰ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਤਹਿਤ ਸੰਗਰੂਰ ਜ਼ਿਲ੍ਹੇ ਨੂੰ ਅਥਲੈਟਿਕਸ, ਕਿੱਕ ਬਾਕਸਿੰਗ, ਰੋਲਰ ਸਕੇਟਿੰਗ ਅਤੇ ਵੇਟ ਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਉਣ ਦਾ ਮਾਣ ਹਾਸਲ ਹੋਇਆ ਹੈ। ਇਸ ਮੌਕੇ ਲੜਕੀਆਂ ਦੀ 600 ਮੀਟਰ ਦੌੜ ਕਰਵਾਈ ਗਈ ਅਤੇ ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅਥਲੈਟਿਕਸ ਅਤੇ ਕਿੱਕ ਬਾਕਸਿੰਗ ਦੇ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਖੇਡ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ ਹਨ ਜੋ ਕਿ ਕੱਲ੍ਹ 16 ਅਕਤੂਬਰ ਨੂੰ ਵੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਅੰਡਰ 17 ਵਿੱਚ 17 ਤੇ 18 ਅਕਤੂਬਰ ਨੂੰ ਜਦਕਿ ਅੰਡਰ 21 ਅਤੇ 21 ਤੋਂ 40 ਉਮਰ ਵਰਗ ਵਿੱਚ ਕਿੱਕ ਬਾਕਸਿੰਗ ਅਤੇ ਅੰਡਰ 21, 21 ਤੋਂ 40, 41 ਤੋਂ 50 ਅਤੇ 50 ਤੋਂ ਵੱਧ ਉਮਰ ਵਰਗ ਦੇ ਮੁਕਾਬਲੇ 19 ਤੋਂ 22 ਅਕਤੂਬਰ ਤੱਕ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਡਰ 14, 17, 21 ਅਤੇ 21 ਤੋਂ 40 ਸਾਲ ਉਮਰ ਵਰਗ ਵਿੱਚ ਰੋਲਰ ਸਕੇਟਿੰਗ ਦੇ ਮੁਕਾਬਲੇ 19 ਤੋਂ 22 ਅਕਤੂਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਹੋਣਗੇ ਜਦਕਿ ਵੇਟ ਲਿਫਟਿੰਗ ਵਿੱਚ ਅੰਡਰ 14 ਅਤੇ ਅੰਡਰ 17 ਦੇ ਖੇਡ ਮੁਕਾਬਲੇ ਅੱਜ ਤੋਂ ਆਰੰਭ ਹੋ ਕੇ 18 ਅਕਤੂਬਰ ਤੱਕ ਚੱਲਣਗੇ ਅਤੇ ਅੰਡਰ 21 ਅਤੇ 21 ਤੋਂ 40 ਸਾਲ ਉਮਰ ਵਰਗ ਦੇ ਮੁਕਾਬਲੇ 19 ਤੋਂ 22 ਅਕਤੂਬਰ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ ਸੁਨਾਮ ਊਧਮ ਸਿੰਘ ਵਾਲਾ ਵਿਖੇ ਕਰਵਾਏ ਜਾਣਗੇ।
ਇਸ ਮੌਕੇ ਪਦਮ ਸ੍ਰੀ ਸੁਨੀਤਾ ਰਾਣੀ, ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ, ਜਿਲ੍ਹਾ ਸਿੱਖਿਆ ਅਫਸਰ ਕੁਲਤਰਨਜੀਤ ਸਿੰਘ, ਸਕੱਤਰ ਪੰਜਾਬ ਕਿੱਕ ਬਾਕਸਿੰਗ ਐਸੋਸੀਏਸ਼ਨ ਯੋਗਰਾਜ, ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here