ਬਾਬਾ ਬਕਾਲਾ ਸਾਹਿਬ, 16 ਅਕਤੂਬਰ
ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਵੱਲੋਂ ਵਿਭਾਗੀ ਪੱਤਰ ਜਾਰੀ ਕਰਕੇ ਇਹ ਹਿਦਾਇਤਾਂ ਕੀਤੀਆਂ ਹਨ ਕਿ ਪੰਜਾਬ ਰਾਜ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸੰਸਥਾਵਾਂ, ਵਪਾਰਕ ਅਦਾਰਿਆਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਦੁਕਾਨਾਂ, ਸੜਕਾਂ, ਸਾਈਨ ਬੋਰਡਾਂ, ਮੀਲ ਪੱਥਰਾਂ ਦੇ ਬੋਰਡਾਂ ਦੇ ਨਾਮ ਤੇ ਨਾਮ ਪੱਟੀਆਂ ਨੂੰ 21 ਨਵੰਬਰ, 2023 ਤੱਕ ਪੰਜਾਬੀ ‘ਗੁਰਮੁਖੀ ਲਿਪੀ’ ਵਿੱਚ ਪਹਿਲ ਦੇ ਅਧਾਰ ‘ਤੇ ਲਿਖਣਾ ਯਕੀਨੀ ਬਣਾਉਣ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਇਹ ਸਮਾਂ 21 ਫ਼ਰਵਰੀ, 2023 ਨਿਰਧਾਰਿਤ ਕੀਤਾ ਗਿਆ ਸੀ । ਡਾ. ਕਲਸੀ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਨੇ ਬੀਤੇ ਦਿਨੀਂ ਇਹ ਐਲਾਨ ਕੀਤਾ ਸੀ ਕਿ ਪੰਜਾਬ ਰਾਜ ਵਿੱਚ ਸਾਰੇ ਬੋਰਡ ‘ਤੇ ਨਾਮ ਪੱਟੀਆਂ ਪਹਿਲ ਦੇ ਅਧਾਰ ‘ਤੇ ਪੰਜਾਬੀ ਵਿੱਚ ਲਿਖੇ ਜਾਣ, ਜਿਸ ਨੂੰ ਵਿਭਾਗ ਵੱਲੋਂ ਅਮਲੀ ਜਾਮਾ ਪਹਿਨਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਉਕਤ ਅਨੁਸਾਰ ਜਿੰਨ੍ਹਾਂ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਦਫ਼ਤਰਾਂ, ਵਪਾਰਕ ਅਦਾਰਿਆਂ, ਦੁਕਾਨਦਾਰਾਂ ਆਦਿ ਨੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੋਰਡ ਪੰਜਾਬੀ ਭਾਸ਼ਾ ਵਿੱਚ ਨਹੀਂ ਕਰਵਾਏ, ਉਹ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਵਾਉਣ।
ਪੰਜਾਬੀ ਸਾਹਿਤ ਸਭਾ ਵੱਲੋਂ ਸਵਾਗਤ : ਇਸ ਦੌਰਾਨ ਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਗਿਆ ਹੈ ਕਿ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਸਤੋਂ ਪਹਿਲਾਂ ਸਰਕਾਰਾਂ ਵੱਲੋਂ ਕਈ ਵਾਰ ਅਜਿਹੇ ਐਲਾਨ ਹੋ ਚੱੁਕੇ ਹਨ, ਪਰ ਉਨ੍ਹਾਂ ‘ਤੇ ਅਮਲ ਬਹੁਤ ਘੱਟ ਹੀ ਹੁੰਦਾ ਰਿਹਾ ਹੈ । ਪਰ ਜੇਕਰ ਹੁਣ ਸਰਕਾਰ ਅਤੇ ਜ਼ਿਲ੍ਹਾ ਭਾਸ਼ਾ ਵਿਭਾਗ ਇਸ ‘ਤੇ ਬਕਾਇਦਾ ਅਮਲਾ ਕਰਵਾ ਲੈਂਦਾ ਹੈ ਤਾਂ ਨਿਰਸੰਦੇਹ ਇਹ ਸ਼ਲਾਘਾਯੋਗ ਕਦਮ ਹੋਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਡਾ: ਪਰਮਜੀਤ ਸਿੰਘ ਬਾਠ, ਮਨਜੀਤ ਸਿੰਘ ਵੱਸੀ (ਦੋਵੇਂ ਕਾਰਜਕਾਰਨੀ ਮੈਂਬਰ), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਮਨਜੀਤ ਸਿੰਘ ਕੰਬੋ, ਅਮਰਜੀਤ ਸਿੰਘ ਘੱੁਕ, ਜਸਪਾਲ ਸਿੰਘ ਧੂਲ਼ਕਾ ਅਤੇ ਹੋਰ ਹਾਜ਼ਰ ਸਨ ।