29 ਕੁਇੰਟਲ ਭੁੱਕੀ ਡੋਡਾ ਚੂਰਾ ਪੋਸਤ ਸਮੇਤ ਆਈਸਰ ਕੈਂਟਰ ਬਰਾਮਦ
ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ-ਐਸ.ਐਸ.ਪੀ
ਮਾਨਸਾ ,24 ਅਗਸਤ:
ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ. ਨਾਨਕ ਸਿੰਘ, ਆਈ.ਪੀ.ਐਸ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ। ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਦੀ ਨਿਗਰਾਨੀ ਹੇਠ ਮਾਨਸਾ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ।
ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਵਿੱਢੀ ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ੍ਰੀ ਬਾਲ ਕ੍ਰਿਸਨ ਪੀ.ਪੀ.ਐਸ ਐਸ.ਪੀ(ਡੀ) ਮਾਨਸਾ, ਸ੍ਰੀ ਮਨਜੀਤ ਸਿੰਘ ਪੀ.ਪੀ.ਐਸ ਡੀ.ਐਸ.ਪੀ (ਸ:ਡ) ਬੁਢਲਾਡਾ ਦੀ ਨਿਗਰਾਨੀ ਹੇਠ ਐਸ.ਆਈ. ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ ਮਾਨਸਾ ਦੇ ਐਸ.ਆਈ ਅਮਰੀਕ ਸਿੰਘ 157/ਮਾਨਸਾ, ਏ.ਐਸ.ਆਈ. ਅਮਰੀਕ ਸਿੰਘ 31/ਮਾਨਸਾ, ਏ.ਐਸ.ਆਈ. ਗੁਰਮੀਤ ਸਿੰਘ 1689/ਬੀ.ਟੀ.ਆਈ., ਹੋਲਦਾਰ ਸੁਰਿੰਦਰਪਾਲ ਸਿੰਘ 962/ਮਾਨਸਾ,ਸੀਨੀਅਰ ਸਿਪਾਹੀ ਅਮਰਜੀਤ ਸਿੰਘ 1265/ਮਾਨਸਾ,ਸੀਨੀਅਰ ਸਿਪਾਹੀ ਮਨਜੀਤ ਸਿੰਘ 1435/ਮਾਨਸਾ,ਸਿਪਾਹੀ ਰਮਨਦੀਪ ਸਿੰਘ 1589/ਮਾਨਸਾ,ਸਿਪਾਹੀ ਗੁਰਵਿੰਦਰ ਸਿੰਘ 587/ਮਾਨਸਾ ਅਤੇ ਪੀ.ਐਚ.ਜੀ. ਬਿੰਦਰਪਾਲ ਸਿੰਘ 10801 ਪੁਲਿਸ ਪਾਰਟੀ ਵੱਲੋਂ ਬੁਢਲਾਡਾ-ਸੁਨਾਮ ਰੋਡ ਪਰ ਪਿੰਡ ਦੋਦੜਾ ਤੋਂ ਭਾਦੜਾ ਨੂੰ ਜਾਦੀ ਸੜਕ ਪਰ ਦੋਦੜਾ ਭਾਦੜਾ ਦੀ ਹੱਦ ਦੇ ਨੇੜੇ ਬਾਹੱਦ ਪਿੰਡ ਦੋਦੜਾ ਪੋਲਟਰੀ ਫਾਰਮ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਆਈਸਰ ਕੈਂਟਰ ਰੰਗ ਲਾਲ ਨੰਬਰ ਐਮ.ਪੀ.-09-ਜੀ.ਐਫ-2951 ਜਿਸ ਵਿੱਚ ਤਿੰਨ ਮੋਨੇ ਨੌਜਵਾਨ ਸਵਾਰ ਸਨ ਆਉਦਾ ਦਿਖਾਈ ਦਿੱਤਾ, ਜਿਸ ’ਤੇ ਕਾਲੇ ਰੰਗ ਦੀ ਤਰਪਾਲ ਪਾਈ ਹੋਈ ਅਤੇ ਰੱਸੇ ਨਾਲ ਬੰਨ੍ਹੀ ਹੋਈ ਸੀ।ਜਿਸਨੂੰ ਹੱਥ ਦੇ ਕਰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕੈਂਟਰ ਡਰਾਇਵਰ ਸਮੇਤ ਕੈਬਨ ਵਿੱਚ ਬੈਠੇ ਵਿਅਕਤੀ ਘਬਰਾ ਗਏ ਤੇ ਕੈਂਟਰ ਇੱਕਦਮ ਰੋਕ ਕੇ ਆਪੋ ਆਪਣੀਆਂ ਤਾਕੀਆ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਦੇ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਤਿੰਨ ਨੌਜਵਾਨਾਂ ਦਾ ਵਾਰੋ-ਵਾਰੀ ਨਾਮ ਪਤਾ ਪੁੱਛਿਆ ਜਿੰਨ੍ਹਾਂ ਨੇ ਕ੍ਰਮਵਾਰ ਆਪਣਾ ਨਾਮ ਨਾਗੇਸ ,ਵਿਨੋਦ ਅਤੇ ਦਾਰਾ ਸਿੰਘ ਦੱਸਿਆ ਜਿੰਨ੍ਹਾਂ ਦੇ ਕਬਜਾ ਵਿਚਲੇ ਆਈਸਰ ਕੈਂਟਰ ਨੰਬਰ ਐਮ.ਪੀ.-09-ਜੀ.ਐਫ-2951 ਦੀ ਕਾਨੂੰਨ ਅਨੁਸਾਰ ਤਲਾਸ਼ੀ ਕਰਨ ’ਤੇ ਕੈਂਟਰ ਵਿੱਚੋਂ ਕੁੱਲ 145 ਗੱਟੇ ਪਲਾਸਟਿਕ ਰੰਗ ਕਾਲਾ ਭੁੱਕੀ ਡੋਡਾ ਚੂਰਾ ਪੋਸਤ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਵਜਨ ਕਰਨ ’ਤੇ ਹਰੇਕ ਗੱਟਾ 20/20 ਕਿਲੋਗ੍ਰਾਮ ਭੁੱਕੀ ਡੋਡਾ ਚੂਰਾ ਪੋਸਤ ਦਾ ਹੋਇਆ। ਜਿਸ ’ਤੇ ਕੁੱਲ 29 ਕੁਇੰਟਲ ਭੁੱਕੀ ਡੋਡਾ ਚੂਰਾ ਪੋਸਤ ਬਰਾਮਦ ਹੋਇਆ। ਉਹਨਾਂ ਵਿਰੁੱਧ ਮੁਕੱਦਮਾ ਨੰਬਰ 67 ਮਿਤੀ 23-08-23 ਅ/ਧ 15ਸੀ,25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਬੁਢਲਾਡਾ ਦਰਜ ਰਜਿਸਟਰ ਕਰਵਾ ਕੇ ਆਈਸਰ ਕੈਂਟਰ ਸਮੇਤ ਭੁੱਕੀ ਡੋਡਾ ਚੂਰਾ ਪੋਸਤ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਕਥਿੱਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿੰਨ੍ਹਾਂ ਪਾਸੋਂ ਨਸ਼ੇ ਦੇ ਸੁਦਾਗਰਾਂ ਬਾਰੇ ਹੋਰ ਵੀ ਅਹਿਮ ਸੁਰਾਗ ਲਗਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਇਸੇ ਤਰ੍ਹਾਂ ਹੀ ਕਾਰਵਾਈ ਜਾਰੀ ਰਹੇਗੀ।