ਦਲਜੀਤ ਕੌਰ
ਸੰਗਰੂਰ, 3 ਜੂਨ, 2024: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਨੇ ਜਿਲ੍ਹਾ ਹਸਪਤਾਲ਼ ਸੰਗਰੂਰ ਵਿਖੇ ਜਿਲ੍ਹੇ ਵਿੱਚ ਟੀ ਬੀ ਦੇ ਐਕਟਿਵ ਕੇਸ ਲੱਭਣ ਲਈ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਇਹ ਮੋਬਾਈਲ ਸੀ ਬੀ ਨਾਟ ਵੈਨ ਜਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਜਾ ਕੇ ਟੀ ਬੀ ਦੇ ਸ਼ੱਕੀ ਮਰੀਜ਼ਾਂ ਦੀ ਪਹਿਚਾਣ ਕਰਕੇ ਮੌਕੇ ਤੇ ਹੀ ਬਲਗਮ ਦੀ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਟੀ ਬੀ ਦੇ ਮਰੀਜ਼ਾਂ ਦੀ ਜਲਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਜਲਦੀ ਇਲਾਜ ਮੁਹੱਈਆ ਕਰਵਾਉਣਾ ਹੈ, ਤਾਂ ਜੋ ਇਸ ਬਿਮਾਰੀ ਨੂੰ ਅੱਗੋਂ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫ਼ਤਿਆਂ ਤੋਂ ਵੱਧ ਖਾਂਸੀ ਬੁਖਾਰ ਹੈ, ਜਾਂ ਉਨ੍ਹਾਂ ਦਾ ਵਜ਼ਨ ਬਿਨਾਂ ਕਾਰਨ ਘਟ ਰਿਹਾ ਹੈ, ਜਾਂ ਭੁੱਖ ਲੱਗਣੀ ਘੱਟ ਹੋ ਗਈ ਹੈ ਤਾਂ ਉਨ੍ਹਾਂ ਨੂੰ ਇਸ ਵੈਨ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੀ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਜਿਲ੍ਹਾ ਟੀਬੀ ਅਫਸਰ ਡਾ. ਗੁਨਤਾਸ ਕੌਰ ਨੇ ਦੱਸਿਆ ਕਿ ਜੋ ਵੀ ਮਰੀਜ਼ ਪਾਜ਼ੇਟਿਵ ਪਾਇਆ ਜਾਵੇਗਾ ਉਸ ਦਾ ਇਲਾਜ ਮੁਫਤ ਕੀਤਾ ਜਾਵੇਗਾ ਅਤੇ ਨੋਟੀਫਾਈ ਹੋਏ ਮਰੀਜ਼ ਨੂੰ ਨਿਕਸ਼ੈ ਪੋਸ਼ਣ ਤਹਿਤ ਇਲਾਜ ਦੌਰਾਨ ਖ਼ੁਰਾਕ ਲਈ ਮਾਣ ਭੱਤਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਜ ਦੌਰਾਨ ਦਵਾਈ ਕਦੇ ਵੀ ਅਧਵਾਟੇ ਨਾ ਛੱਡੀ ਜਾਵੇ। ਇਲਾਜ ਦੇ ਪੂਰੇ ਕੋਰਸ ਨਾਲ ਹੀ ਇਸ ਬੀਮਾਰੀ ਨੂੰ ਜਡ਼੍ਹ ਤੋਂ ਖਤਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਕਰਨੈਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ, ਐੱਸ ਟੀ ਐੱਲ ਐੱਸ ਅਮਿਤ ਸ਼ਰਮਾ, ਐੱਸ ਟੀ ਐਸ ਵਿਸ਼ਾਲ ਸ਼ਰਮਾ, ਡੀ ਪੀ ਐੱਸ ਪਰਵਿੰਦਰ ਸਿੰਘ, ਐੱਲ ਟੀ ਅਵਨੀਤ ਕੌਰ, ਐੱਲ ਟੀ ਗੁਰਪ੍ਰੀਤ ਕੌਰ, ਨ/ਸ ਹਰਜਿੰਦਰ ਕੌਰ, ਸ/ਨ ਭਵਨਪ੍ਰੀਤ ਕੌਰ, ਯਾਦਵਿੰਦਰ ਸਿੰਘ ਅਤੇ ਹੋਰ ਸਟਾਫ਼ ਵੀ ਹਾਜ਼ਰ ਸੀ ।