ਸੰਗਰੂਰ, 5 ਅਪ੍ਰੈਲ, 2023: ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਵਿਦਿਆਰਥੀ ਜਥੇਬੰਦੀਆਂ ਦੀ ਮੀਟਿੰਗ ਹੋਈ। ਜਿਸ ਵਿੱਚ ਸਥਾਨਕ ਕਾਲਜ਼ ਵਿੱਚ ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਤਹਿਤ 6 ਅਪ੍ਰੈਲ ਦੀ ਹੜਤਾਲ ਯੋਜਨਾਬੰਦੀ ਕੀਤੀ ਗਈ। ਇਸ ਹੜਤਾਲ ਨੂੰ ਸਫ਼ਲ ਕਰਨ ਸਬੰਧੀ ਪ੍ਰਚਾਰ ਕੀਤਾ ਗਿਆ।
ਮੀਟਿੰਗ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਨੁੰਮਾਇੰਦੇ ਸੁਖਚੈਨ ਸਿੰਘ ਪੁੰਨਾਵਾਲ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਅਮਨਦੀਪ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 90 ਕਰੋੜ ਜਾਰੀ ਕਰਨਾ ਸੰਘਰਸ਼ ਦੀ ਅੰਸ਼ਿਕ ਪ੍ਰਪਤੀ ਹੈ ਪਰ ਕਰਜ਼ਾ ਮੁਆਫ਼ੀ ਅਤੇ ਗ੍ਰਾਂਟ ਵਿੱਚ ਵਾਧੇ ਸੰਬੰਧੀ ਮੋਰਚਾ ਜਾਰੀ ਰਹੇਗਾ ਅਤੇ ਮੋਰਚੇ ਵੱਲੋਂ ਐਲਾਨਿਤ ਵਿਦਿਅਕ ਅਦਾਰਿਆਂ ਵਿੱਚ 6 ਅਪ੍ਰੈਲ ਦੀ ਹੜਤਾਲ਼ ਕੀਤੀ ਜਾਵੇਗੀ। ਸਰਕਾਰ ਵੱਲੋਂ ਇਸ ਸੰਬੰਧੀ ਜਿੱਥੇ ਇਕ ਪਾਸੇ ਪੰਜਾਬੀ ਯੂਨੀਵਰਸਿਟੀ ਸਿਰ ਖੜੇ 150 ਕਰੋੜ ਦੇ ਕਰਜ਼ੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ ਉਥੇ ਦੂਜੇ ਪਾਸੇ ਗਰਾਂਟ ਜਾਰੀ ਕਰਨ ਲਈ ਕੀਤੇ ਐਲਾਨ ਸੰਬੰਧੀ ਨਾਂ ਤਾਂ ਮੋਰਚੇ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਅਤੇ ਨਾਂ ਹੀ ਮੋਰਚੇ ਨੂੰ ਕੋਈ ਲਿਖਤੀ ਨੋਟੀਫੀਕੇਸ਼ਨ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੋਰਚੇ ਦਾ ਸੰਘਰਸ਼ ਨੀਤੀਗਤ ਲੜਾਈ ਲੜ ਰਿਹਾ ਹੈ। ਸਰਕਾਰ ਇਹ ਤਹਿ ਕਰੇ ਯੂਨੀਵਰਸਿਟੀਆਂ ਦੀ ਕੁੱਲ ਵਿੱਤੀ ਜਿੰਮੇਂਵਾਰੀ ਚੁੱਕਦਿਆਂ ਵਿੱਤੀ ਨੀਤੀ ਜਾਰੀ ਕੀਤੀ ਜਾਵੇ। ਇਸ ਤਰਾਂ ਅਸਲ ਵਿੱਚ ਸਰਕਾਰ ਗੋਲਮਾਲ ਗੱਲ ਕਰ ਰਹੀ ਹੈ।