ਜੀ. ਐਚ. ਜੀ. ਅਕੈਡਮੀਂ ਦੀ ਭੰਗੜਾ ਟੀਮ ਨੇ ਬੂਸਟਨ ਭੰਗੜਾ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ

0
209
ਜੀ. ਐਚ. ਜੀ. ਅਕੈਡਮੀਂ ਦੀ ਭੰਗੜਾ ਟੀਮ ਨੇ ਬੂਸਟਨ ਭੰਗੜਾ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿੱਚ ਪੰਜਾਬੀ ਭਾਈਚਾਰੇ ਦੀ ਸੰਘਣੀ ਵੱਸੋਂ ਹੈ। ਜਿੱਥੇ ਪਿੱਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਜੀ. ਐਚ. ਜੀ. ਅਕੈਡਮੀਂ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਲਈ ਸਲਾਘਾਯੋਗ ਉਪਰਾਲੇ ਕਰ ਰਹੀ ਹੈ। ਇੰਨ੍ਹਾਂ ਦੀ ਸਮੁੱਚੀ ਟੀਮ ਦੇ ਯਤਨਾਂ ਸਦਕਾ ਬੱਚਿਆਂ ਲਈ ਸਲਾਨਾ ਸਿਖਲਾਈ ਕੈਂਪ ਅਤੇ ਅੰਤਰ-ਰਾਸ਼ਟਰੀ ਭੰਗੜਾ ਮੁਕਾਬਲੇ ਵੀ ਕਰਵਾਏ ਜਾਂਦੇ ਹਨ।  ਜਿੱਥੇ ਹਜ਼ਾਰਾਂ ਬੱਚੇ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਆਪਣੇ ਮਾਣ-ਮੱਤੇ ਸੱਭਿਆਚਾਰ ਨਾਲ ਜੁੜਦੇ ਹਨ।
ਇਸੇ ਲੜੀ ਤਹਿਤ ਅਮਰੀਕਾ ਦੇ ਸ਼ਹਿਰ ਬੂਸਟਨ ਵਿਖੇ ਉੱਥੋਂ ਦੇ ਸਥਾਨਿਕ ਪ੍ਰਬੰਧਕਾਂ ਵੱਲੋਂ ਕਰਵਾਏ ਗਏ “ਬੂਸਟਨ ਭੰਗੜਾ ਮੁਕਾਬਲੇ” ਵਿੱਚ ਹਿੱਸਾ ਲੈਣ ਪਹੁੰਚੀ ਜੀ. ਐਚ. ਜੀ. ਅਕੈਡਮੀ ਫਰਿਜ਼ਨੋ, ਕੈਲੇਫੋਰਨੀਆਂ ਦੀ ਟੀਮ “ਚੜਦੀ ਜਵਾਨੀ” ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ। ਇਸ ਮੁਕਾਬਲੇ ਸੰਬੰਧੀ ਲਿਖਤੀ ਰੂਪ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਫਰਿਜ਼ਨੋ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਪਰਮਜੀਤ ਸਿੰਘ ਧਾਲੀਵਾਲ ਅਤੇ ਊਦੇਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਅੰਤਰ-ਰਾਸ਼ਟਰੀ ਪੱਧਰ ‘ਤੇ ਕਨੇਡਾ ਅਤੇ ਅਮਰੀਕਾ ਵਿੱਚੋਂ 200 ਤੋਂ ਵੱਧ ਵਿਦਿਆਰਥੀ ਸਾਮਲ ਸਨ। ਜਿੰਨ੍ਹਾਂ ਨੇ ਬਹੁਤ ਜੋਸ਼ ਅਤੇ ਖੂਬਸੂਰਤੀ ਨਾਲ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਹਰ ਟੀਮ ਦੀ ਪੇਸ਼ਕਾਰੀ ਬਾ-ਕਮਾਲ ਅਤੇ ਦੇਖਣਯੋਗ ਸੀ। ਇਉਂ ਲੱਗ ਰਿਹਾ ਸੀ ਜਿਵੇਂ ਕਿ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਯੂਥ ਫਿਸ਼ਟੀਵਲ ਚੱਲ ਰਿਹਾ ਹੋਵੇ। ਦਰਸ਼ਕਾਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ।  ਸਾਰੀਆਂ ਟੀਮਾਂ ਥੋੜੇ-ਥੋੜੇ ਫ਼ਰਕ ਨਾਲ ਅੱਗੇ-ਪਿੱਛੇ ਰਹੀਆਂ। ਜਦ ਵਧੀਆਂ ਪੇਸ਼ਕਾਰੀ ਕਰਕੇ ਇਸ ਮੁਕਾਬਲੇ ਦੀ ਜਿੱਤ ਵਿੱਚ ਪਹਿਲੇ ਸਥਾਨ ਦੀ ਟਰਾਫੀ ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਦੇ ਗੱਭਰੂਆਂ ਨੂੰ ਪ੍ਰਾਪਤ ਹੋਈ।
ਇੰਨ੍ਹਾਂ ਭੰਗੜਾ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਜਿੱਥੇ ਬੂਸਟਨ ਦੇ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ, ਉੱਥੇ ਫਰਿਜ਼ਨੋ ਦੀ ਟੀਮ ਦੀ ਸਲਾਘਾਯੋਗ ਪੇਸ਼ਕਾਰੀ ਅਤੇ ਪਹਿਲੇ ਸਥਾਨ ਦੀ ਪੇਸ਼ਕਾਰੀ ਨੇ ਜੀ.ਐਚ.ਜੀ. ਅਕੈਡਮੀਂ ਦਾ ਬਹੁਤ ਮਾਣ ਵਧਾਇਆ। ਯਾਦ ਰਹੇ ਕਿ ਇਹ ਜੀ.ਐਚ.ਜੀ. ਅਕੈਡਮੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਹੋਰ ਜਾਣਕਾਰੀ ਵਧਾਉਣ ਲਈ ਵੀ ਸੈਮੀਨਾਰ ਕਰਵਾਉਂਦੀ ਰਹਿੰਦੀ ਹੈ। ਇਹ ਸਾਰੇ ਕਾਰਜ਼ ਮੁਫਤ ਵਿੱਚ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ। ਬੂਸਟਨ ਭੰਗੜਾ ਮੁਕਾਬਲੇ ਦੇ ਪਹਿਲੇ ਸਥਾਨ ਦੀ ਜਿੱਤ ਲਈ ਜੀ.ਐਚ.ਜੀ. ਅਕੈਡਮੀਂ ਦੇ ਸਾਰੇ ਬੱਚੇ, ਪ੍ਰਬੰਧਕ ਅਤੇ ਮਾਪੇ ਵੀ ਵਧਾਈ ਦੇ ਪਾਤਰ ਹਨ। ਜੋ ਸਾਰਾ ਸਾਰਾ ਸਾਲ ਆਪਣੇ ਸੱਭਿਆਚਾਰ ਨੂੰ ਵਿਦੇਸ਼ਾ ਵਿੱਚ ਪ੍ਰਫੁੱਲਤ ਕਰਨ ਵਿੱਚ ਉਪਰਾਲੇ ਕਰਦੇ ਰਹਿੰਦੇ ਹਨ।

LEAVE A REPLY

Please enter your comment!
Please enter your name here