ਜੀ. ਐਚ. ਜੀ. ਅਕੈਡਮੀ ਫਰਿਜ਼ਨੋ ਵੱਲੋਂ ਨਵੇਂ ਸਾਲ ਦੀ ਪਰਿਵਾਰਿਕ ਮਿਲਣੀ ਸਮੇਂ ਸਨਮਾਨ ਸਮਾਰੋਹ

0
97
“ਵਿਰਾਸਤੀ ਮੇਲਾ 23 ਮਾਰਚ ਨੂੰ ਹੋਵੇਗਾ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਫਰਿਜ਼ਨੋ ਸ਼ਹਿਰ ਦੀ ਸਥਾਨਿਕ ਸੰਸਥਾ ਜੀ.ਐਚ.ਜੀ. ਡਾਂਸ਼ ਅਤੇ ਸੰਗੀਤ ਅਕੈਡਮੀਂ  ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਦਾ ਪਲੇਠਾ ਪਰਿਵਾਰਕ ਮਿਲਣੀ ਅਤੇ ਸਨਮਾਨ ਦਾ  ਪ੍ਰੋਗਰਾਮ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਅਕੈਡਮੀਂ ਦੇ ਸਮੂੰਹ ਪ੍ਰਬੰਧਕ ਮੈਂਬਰ, ਵਲੰਟੀਅਰ, ਕੋਚ ਅਤੇ ਸਹਾਇਕ ਆਪਣੇ ਪਰਿਵਾਰਾਂ ਸਮੇਤ ਹਾਜ਼ਰ ਹੋਏ। ਇਸ ਸਮੇਂ ਜਿੱਥੇ ਬੀਤੇ ਵਰੇ ਦੇ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਅਤੇ ਲੇਖਾ-ਜੋਖਾ ਕੀਤਾ ਗਿਆ, ਉੱਥੇ ਇਸ ਸਾਲ ਕਰਵਾਏ ਜਾਣ ਵਾਲੇ ਪ੍ਰੋਗਰਾਮ ਵੀ ਉਲੀਕੇ ਗਏ।
ਇਸ ਪਰਿਵਾਰਿਕ ਮਿਲਣੀ ਦੀ ਸੁਰੂਆਤ ਹਮੇਸ਼ਾ ਦੀ ਤਰਾਂ ਗੁਰਦੀਪ ਸਿੰਘ ਸ਼ੇਰਗਿੱਲ ਨੇ ਕੀਤੀ। ਜਦ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਅਕੈਡਮੀਂ ਦੇ ਸੀਨੀਅਰ ਮੈਂਬਰ ਬਸੰਤ ਸਿੰਘ ਧਾਲੀਵਾਲ ਨੇ ਧੰਨ ਸ੍ਰੀ ਗੁਰੂ ਗੌਬਿੰਦ ਸਿੰਘ ਦੇ ਆਗਮਨ ਬਾਰੇ ਵਿਚਾਰਾਂ ਦੀ ਸਾਂਝ ਪਾਈ। ਜਦ ਕਿ ਬਾਕੀ ਮੁੱਖ ਮੈਂਬਰਾਂ ਵਿੱਚ ਸ. ਪਰਮਜੀਤ ਸਿੰਘ ਧਾਲੀਵਾਲ ਅਤੇ ਸ. ਉਦੈਦੀਪ ਸਿੰਘ ਸਿੱਧੂ ਨੇ ਅਗਲੇਰੇ ਇਸ ਸਾਲ 2024 ਦੇ ਪ੍ਰੋਗਰਾਮਾਂ ਅਤੇ ਪ੍ਰਬੰਧਾਂ ਬਾਰੇ ਸਭ ਨਾਲ ਸਾਂਝ ਪਾਈ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸਭ ਦੀ ਸਹਿਮਤੀ ਨਾਲ ਇਹ ਤਹਿ ਕੀਤਾ ਗਿਆ ਕਿ ਅਕੈਡਮੀਂ ਵੱਲੋਂ ਵਿਰਾਸਤੀ ਖੇਡ ਮੇਲਾ ਅਤੇ ਪਰਿਵਾਰਿਕ ਪਿਕਨਿਕ ਹਰ ਸਾਲ ਦੀ ਤਰਾਂ ਇਸ ਸਾਲ 23 ਮਾਰਚ 2024 ਨੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਕਰਵਾਈ ਜਾਵੇਗੀ।  ਇਸੇ ਤਰਾਂ ਸਲਾਨਾ ਦੋ ਹਫਤੇ ਦੇ ਗਿੱਧੇ ਅਤੇ ਭੰਗੜੇ ਦੇ ਸਿੱਖਲਾਈ ਕੈਂਪ ਦੇ ਆਖ਼ਰੀ ਦਿਨ 20 ਜੁਲਾਈ ਨੂੰ ਅੰਤਰ-ਰਾਸ਼ਟਰੀ ਯੁਵਕ ਮੇਲਾ (ਯੂਥ ਫਿਸਟੀਵਲ) ਕਰਵਾਇਆ ਜਾਵੇਗਾ।
ਇਸ ਪ੍ਰੋਗਰਾਮ ਦੌਰਾਨ ਬੀਤੇ ਸਾਲ ਵੱਖ-ਵੱਖ ਥਾਵਾਂ ‘ਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੁਕਾਬਲਿਆ ਵਿੱਚ ਜੇਤੂ ਰਹੀਆਂ ਟੀਮਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਇਸ ਪਰਿਵਾਰਕ ਇਕੱਤਰਤਾ ਦੌਰਾਨ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹਾਜ਼ਰ ਸਮੂੰਹ ਬੱਚਿਆਂ ਅਤੇ ਪਰਿਵਾਰਾਂ ਨੇ ਜਿੱਥੇ ਆਪਸੀ ਗੱਲਬਾਤ ਅਤੇ ਵਿਚਾਰਾਂ ਦੀ ਸਾਂਝ ਪਾਈ। ਉੱਥੇ ਵੱਖ-ਵੱਖ ਸੁਆਦਿਸ਼ਟ ਖਾਣਿਆ ਦਾ ਵੀ ਅਨੰਦ ਮਾਣਿਆ। ਇਸ ਸਮੇਂ ਚਾਹ-ਪਕੌੜੇ ਆਦਿਕ ਦੀ ਸੇਵਾ ਵੀ ਹਮੇਸ਼ਾ ਵਾਂਗ ਸ਼ਾਨੇ-ਪੰਜਾਬ ਵਾਲੇ ਸ. ਸੁਖਦੇਵ ਸਿੰਘ ਵੱਲੋਂ ਕੀਤੀ ਗਈ ਸੀ।
ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਅਤੇ ਨਸ਼ਿਆਂ ਤੋਂ ਬਚਾਉਣ ਦਾ ਨਾਅਰਾ ਲਾਉਂਦੇ ਹੋਏ ਪ੍ਰਬੰਧਕਾਂ ਵੱਲੋਂ ਸਮੂੰਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।  ਜਦ ਕਿ ਭਵਿੱਖ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਸਭ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਅੰਤ ਆਪਣੇ ਸੱਭਿਆਚਾਰਕ ਵਿਰਸੇ ਨੂੰ ਸਿਜਦਾ ਕਰਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here